ਬੰਗਾ (ਅਵਤਾਰ ਕਲੇਰ)-ਦੋਆਬੇ ਦੇ ਇਤਿਹਾਸਕ ਪਿੰਡ ਦੌਲਤਪੁਰ ਵਿਖੇ ਸ਼ਹੀਦ ਬੱਬਰ ਕਰਮ ਸਿੰਘ ਐਡੀਟਰ, ਸ਼ਹੀਦ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਬਿਸ਼ਨ ਸਿੰਘ ਮਾਂਗਟ ਅਤੇ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸ਼ਹੀਦੀ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦੀ ਮਿਲੀ ਤੇ ਮਿਹਨਤਕਸ਼ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੋਰ ਕੁਰਬਾਨੀਆਂ ਕਰਨ ਦੀ ਲੋੜ ਹੈ। ਅੱਜ ਸਰਕਾਰਾਂ ਮਿਹਨਤਕਸ਼ ਲੋਕਾਂ ਦੇ ਹੱਕਾਂ ਨੂੰ ਕੁਚਲ ਰਹੀਆਂ ਹਨ, ਇਸ ਕਰਕੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦਾ ਰਾਜਨੀਤਕ ਮਾਹੌਲ ਠੀਕ ਨਹੀਂ ਹੈ, ਨਸ਼ਿਆਂ ਦਾ ਕਾਰੋਬਾਰ ਬੇਰੋਕ-ਟੋਕ ਚੱਲ ਰਿਹਾ, ਗੈਂਗਸਟਰਵਾਦ ਨੰਗਾ ਨਾਚ ਕਰ ਰਿਹਾ ਹੈ, ਦਿਨ-ਦਿਹਾੜੇ ਗੋਲੀਆਂ ਚੱਲ ਰਹੀਆਂ ਹਨ।ਸਰਕਾਰ ਕੋਲੋਂ ਸਵਾਲ ਕਰਨ ਵਾਲਿਆਂ ਨੂੰ ਕੁੱਟਿਆ ਅਤੇ ਡਰਾਇਆ ਜਾ ਰਿਹਾ ਹੈ।ਅੱਜ ਦੀ ਇਹ ਸ਼ਹੀਦੀ ਕਾਨਫਰੰਸ ਸੀ ਪੀ ਆਈ ਐੱਮ ਦੇ ਯੂਨਿਟ ਦੌਲਤਪੁਰ ਵੱਲੋਂ ਕਾਰਵਾਈ ਗਈ।ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ।
ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਮ ਸਿੰਘ ਨੂਰਪੁਰੀ, ਬਲਬੀਰ ਸਿੰਘ ਜਾਡਲਾ, ਜਰਨੈਲ ਸਿੰਘ ਰਾਣੇਵਾਲ ਨੇ ਸੰਬੋਧਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਢਾਡੀ ਜਸਦੀਪ ਸਿੰਘ ਨਾਗਰਾ ਨੇ ਸ਼ਹੀਦਾਂ ਦੀਆਂ ਵਾਰਾਂ ਪੇਸ਼ ਕਰਕੇ ਇਤਿਹਾਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਕਾਨਫਰੰਸ ਦੀ ਪ੍ਰਧਾਨਗੀ ਸਰਜੀਵਨ ਸਿੰਘ, ਹੁਸ਼ਿਆਰ ਸਿੰਘ ਅਤੇ ਰਣਜੀਤ ਸਿੰਘ ਰਾਣਾ ਨੇ ਕੀਤੀ। ਚਰਨਜੀਤ ਸਿੰਘ ਜ਼ਿਲ੍ਹਾ ਸਕੱਤਰ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ। ਇਸ ਮੌਕੇ ਸੁਖਦੇਵ ਸਿੰਘ ਗਰਚਾ, ਨਿਰਮਲ ਸਿੰਘ ਜੁਲਾਹ ਮਾਜਰਾ, ਸ਼ਿੰਗਾਰਾ ਰਾਮ ਬੜਵਾ, ਪਾਲ ਚੰਦ ਭਾਨ ਮਜ਼ਾਰਾ, ਕਰਮਜੀਤ ਜਾਡਲਾ, ਪ੍ਰਧਾਨ ਹਰਭਜਨ ਸਿੰਘ, ਸਰਵਣ ਸਿੰਘ, ਨਰਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਹਾਜ਼ਰ ਸਨ।ਪਰਵਾਜ਼ ਰੰਗਮੰਚ ਫਗਵਾੜਾ ਦੀ ਟੀਮ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਦੀ ਪੇਸ਼ਕਾਰੀ ਕੀਤੀ ਗਈ।ਚਰਨਜੀਤ ਸਿੰਘ ਦੌਲਤਪੁਰ ਵੱਲੋਂ ਸਾਰੇ ਐੱਨ ਆਰ ਆਈ ਵੀਰਾਂ, ਨਗਰ ਨਿਵਾਸੀਆਂ ਅਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।





