ਪਾਕਿਸਤਾਨੀ ਹਾਕੀ ਟੀਮ ਖੇਡਣ ਆਏਗੀ ਪੰਜਾਬ

0
4

ਮੁਹਾਲੀ (ਗੁਰਜੀਤ ਬਿੱਲਾ, ਸੁਰਜੀਤ ਸਮਨ)
ਹਾਕੀ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਹਾਕੀ ਟੀਮ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਵਿੱਚ ਹਿੱਸਾ ਲਵੇਗੀ, ਜਿਸ ਦੀ ਮੇਜ਼ਬਾਨੀ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਵੱਲੋਂ ਕੀਤੀ ਜਾਵੇਗੀ। ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਫੇਜ਼ 9 ਵਿਖੇ ਬਲਬੀਰ ਸਿੰਘ (ਸੀਨੀਅਰ) ਹਾਕੀ ਸਟੇਡੀਅਮ ਦਾ ਦੌਰਾ ਕੀਤਾ ਅਤੇ ਇਸ ਕੌਮਾਂਤਰੀ ਮੁਕਾਬਲੇ ਦੇ ਸ਼ਡਿਊਲ ਦਾ ਐਲਾਨ ਕੀਤਾ। ਟੂਰਨਾਮੈਂਟ ਦਾ ਉਦਘਾਟਨ 27 ਅਕਤੂਬਰ ਨੂੰ (ਦੁਪਹਿਰ 2:30 ਵਜੇ) ਜਲੰਧਰ ਵਿੱਚ ਹੋਵੇਗਾ, ਜਦੋਂ ਕਿ ਮੁਹਾਲੀ ਦਾ ਸਟੇਡੀਅਮ 5 ਨਵੰਬਰ ਨੂੰ ਸੈਮੀਫਾਈਨਲ, ਫਾਈਨਲ ਅਤੇ ਸਮਾਪਤੀ ਸਮਾਗਮ ਦੀ ਮੇਜ਼ਬਾਨੀ ਕਰੇਗਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 1 ਨਵੰਬਰ ਨੂੰ ਪੰਜਾਬ ਦਿਵਸ ਦੇ ਜਸ਼ਨਾਂ ਮੌਕੇ ਜਲੰਧਰ ਵਿੱਚ ਖੇਡਿਆ ਜਾਵੇਗਾ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਨੇ ਹੋਰਨਾਂ ਅਧਿਕਾਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੰਪਲੈਕਸ ਦਾ ਦੌਰਾ ਕੀਤਾ। ਨਾਥ ਨੇ ਕਿਹਾ ਕਿ ਪਾਕਿਸਤਾਨੀ ਟੀਮ ਨੂੰ ਇੱਥੇ ਖੇਡਣ ਲਈ ਮਨਾਉਣ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਆਈ। ਟੂਰਨਾਮੈਂਟ ਵਿੱਚ ਛੇ ਟੀਮਾਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਚੀਨ ਅਤੇ ਕੋਰੀਆ ਸ਼ਾਮਲ ਹਨ। ਓਮਾਨ ਅਤੇ ਬੰਗਲਾਦੇਸ਼ ਨੂੰ ਰਿਜ਼ਰਵ ਟੀਮਾਂ ਵਜੋਂ ਰੱਖਿਆ ਗਿਆ ਹੈ। ਪਹਿਲਾ ਮੈਚ ਜਾਪਾਨ ਅਤੇ ਮਲੇਸ਼ੀਆ ਵਿਚਕਾਰ ਖੇਡਿਆ ਜਾਵੇਗਾ। ਭਾਰਤ 2023 (ਚੇਨਈ) ਅਤੇ 2024 (ਹੁਲੁਨਬੁਇਰ, ਚੀਨ) ਵਿੱਚ ਖਿਤਾਬ ਜਿੱਤ ਕੇ ਮੌਜੂਦਾ ਚੈਂਪੀਅਨ ਵਜੋਂ ਟੂਰਨਾਮੈਂਟ ਵਿੱਚ ਖੇਡੇਗਾ। ਪਾਕਿਸਤਾਨ ਨੇ ਪਿਛਲੇ ਸਾਲ ਤਾਮਿਲਨਾਡੂ ਵਿੱਚ ਖੇਡੇ ਗਏ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਸੀ। ਉਸ ਨੇ ਇਸ ਦਾ ਕਾਰਨ ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣਾ ਦੱਸਿਆ ਸੀ। ਮਾਨ ਨੇ ਕਿਹਾ, ”ਪੰਜਾਬੀ ਮਹਿਮਾਨਾਂ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕਰਨ ਲਈ ਜਾਣੇ ਜਾਂਦੇ ਹਨ ਅਤੇ ਅਸੀਂ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਯਕੀਨੀ ਬਣਾਵਾਂਗੇ, ਤਾਂ ਜੋ ਹਰ ਕੋਈ ਪੰਜਾਬ ਵਿੱਚ ਖੇਡਣ ਦਾ ਅਭੁੱਲ ਤਜਰਬਾ ਆਪਣੇ ਨਾਲ ਲੈ ਕੇ ਜਾਵੇ।”
ਅਧਿਕਾਰੀਆਂ ਨੇ ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਖਿਡਾਰੀ ਮਨਪ੍ਰੀਤ ਸਿੰਘ ਦੀ ਤਸਵੀਰ ਵਾਲੇ ਇਸ ਟੂਰਨਾਮੈਂਟ ਦੇ ਲੋਗੋ ਤੋਂ ਵੀ ਪਰਦਾ ਹਟਾਇਆ। ਅਧਿਕਾਰੀਆਂ ਨੇ ਇਹ ਵੀ ਐਲਾਨ ਕੀਤਾ ਕਿ ਦੋਵਾਂ ਥਾਵਾਂ ਉੱਤੇ ਦਰਸ਼ਕਾਂ ਲਈ ਕੋਈ ਦਾਖਲਾ ਫੀਸ ਨਹੀਂ ਹੋਵੇਗੀ।