ਨਿਊਯਾਰਕ : ਲੋਅਰ ਮੈਨਹਟਨ ਵਿੱਚ ਇੱਕ ਸਟੇਸ਼ਨ ‘ਤੇ ਪਟੜੀ ‘ਤੇ ਬੈਠੇ ਇੱਕ ਭਾਰਤੀ ਮੂਲ ਦੀ ਔਰਤ ਅਤੇ ਉਸ ਦੇ ਨੇਪਾਲੀ-ਅਮਰੀਕੀ ਦੋਸਤ ਦੀ ਇੱਕ ਸਬਵੇਅ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਦੋਨਾਂ ਦੀ ਉਮਰ 24 ਸਾਲ ਸੀ। ਨਿਊਯਾਰਕ ਪੁਲਸ ਵਿਭਾਗ ਨੇ ਕਿਹਾ ਕਿ ਡੇਟਨ, ਨਿਊ ਜਰਸੀ ਦੀ ਮਲਾਇਕਾ ਚਿੱਤਰੇ ਅਤੇ ਸੇਅਰਵਿਲ ਨਿਊ ਜਰਸੀ ਦੀ ਨਵਮ ਕੌਲ, ਸਪ੍ਰਿੰਗ ਸਟਰੀਟ ਸਬਵੇਅ ਸਟੇਸ਼ਨ ‘ਤੇ ਸੜਕ ‘ਤੇ ਸਨ, ਜਦੋਂ ਉਨ੍ਹਾਂ ਨੂੰ ਸਵੇਰੇ 3:15 ਵਜੇ ਦੱਖਣ ਵੱਲ ਜਾਣ ਵਾਲੀ ਰੇਲ ਗੱਡੀ ਨੇ ਟੱਕਰ ਮਾਰ ਦਿੱਤੀ। ਦ ਨਿਊਯਾਰਕ ਪੋਸਟ ਦੀ ਇਕ ਰਿਪੋਰਟ ਅਨੁਸਾਰ ਟਰੇਨ ਆਪਰੇਟਰ ਨੇ ਦੱਸਿਆ ਕਿ ਚਿੱਤਰੇ ਹੱਸਦੀ ਹੋਈ ਦਿਖਾਈ ਦੇ ਰਹੀ ਸੀ, ਜਦੋਂ ਉਸ ਨੇ ਕੌਲ ਨੂੰ ਆਪਣੇ ਵੱਲ ਖਿੱਚਿਆ। ਉਸ ਸਮੇਂ ਗੱਡੀ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ। ਆਪਰੇਟਰ ਅਨੁਸਾਰ ਉਸ ਨੇ ਚਿੱਤਰੇ ਅਤੇ ਕੌਲ ਨੂੰ ਪਟੜੀ ‘ਤੇ ਵੇਖ ਕੇ ਐਮਰਜੈਂਸੀ ਬ੍ਰੇਕ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਮੇਂ ਸਿਰ ਟਰੇਨ ਨੂੰ ਨਹੀਂ ਰੋਕ ਸਕੀ।
ਰਾਸ਼ਨ ਦੀ ਘਾਟ ਦੂਰ ਕਰਨ ਲਈ ਕਦਮ ਚੁੱਕੇ : ਮੰਤਰੀ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਸੂਬਾ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿੱਚ ਰਾਸ਼ਨ ਦੀ ਘਾਟ ਨੂੰ ਦੂਰ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ ਅਤੇ ਲੋੜੀਂਦਾ ਰਾਸ਼ਨ ਲੱਗਭੱਗ ਇੱਕ ਹਫ਼ਤੇ ਦੇ ਅੰਦਰ ਕੇਂਦਰਾਂ ਤੱਕ ਪਹੁੰਚਣ ਦੀ ਉਮੀਦ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਪੰਜ ਮਿੰਟ ਦੇ ਵੀਡੀਓ ਸੰਦੇਸ਼ ਵਿੱਚ ਡਾ. ਬਲਜੀਤ ਕੌਰ ਨੇ ਕਿਹਾ ਕਿ ਪੋਸ਼ਣ ਸਮੱਗਰੀ ਦੀ ਸਪਲਾਈ ਵਿੱਚ ਆਈ ਇਹ ਰੁਕਾਵਟ ਕੇਂਦਰਾਂ ਨੂੰ ਖੁਰਾਕ ਪਹੁੰਚਾਉਣ ਵਾਲੀ ਪ੍ਰਣਾਲੀ ਵਿੱਚ ਕੀਤੇ ਗਏ ਬਦਲਾਅ ਨਾਲ ਜੁੜੀ ਹੋਈ ਹੈ। ਜ਼ਿਕਰਯੋਗ ਹੈ ਕਿ ਮੀਡੀਆ ਵਿਚ ਆਂਗਣਵਾੜੀ ਕੇਂਦਰਾਂ ‘ਚ ਰਾਸ਼ਨ ਦੀ ਘਾਟ ਸੰਬੰਧੀ ਰਿਪੋਰਟ ਛਪਣ ਤੋਂ ਬਾਅਦ ਪੰਜਾਬ ਸੂਬਾ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲੈਂਦਿਆਂ ਸਮਾਜਿਕ, ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਸਕੱਤਰ ਤੋਂ 21 ਅਕਤੂਬਰ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਰਿਪੋਰਟ ਮੰਗੀ ਹੈ।
1000 ਵੋਕੇਸ਼ਨਲ ਟਰੇਨਰਾਂ ਦੀ ਭਰਤੀ ਦਾ ਦਾਅਵਾ ਫਰਜ਼ੀ
ਫਰੀਦਕੋਟ : ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ, ਸਿੱਖਿਆ ਭਵਨ (ਪੰਜਾਬ) ਦੇ ਦਫ਼ਤਰ ਵੱਲੋਂ ਮੰਗਲਵਾਰ ਨੂੰ ਇੱਕ ਐਡਵਾਇਜ਼ਰੀ ਜਾਰੀ ਕਰਕੇ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਟਰੇਨਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਸੰਬੰਧੀ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵਟਸਐਪ ‘ਤੇ ਵਾਇਰਲ ਹੋ ਰਹੇ ਝੂਠੇ ਇਸ਼ਤਿਹਾਰਾਂ ਅਤੇ ਸੂਚੀਆਂ ਤੋਂ ਸੁਚੇਤ ਕੀਤਾ ਗਿਆ ਹੈ। ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਭੇਜੇ ਪੱਤਰ ਵਿੱਚ ਵਿਭਾਗ ਨੇ ਕਿਹਾ ਹੈ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਵਿਭਾਗ ਜਾਂ ਨਿੱਜੀ ਕੰਪਨੀਆਂ ਦੇ ਨਾਂਅ ‘ਤੇ ਜਾਰੀ ਕੀਤੇ ਗਏ ਕਥਿਤ ਇਸ਼ਤਿਹਾਰ ਅਤੇ ਸੂਚੀਆਂ ਵੱਡੇ ਪੱਧਰ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਟਰੇਨਰਾਂ ਦੀਆਂ 1,000 ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਇਸ਼ਤਿਹਾਰ ਅਤੇ ਸੂਚੀਆਂ ਬਿਲਕੁਲ ਫਰਜ਼ੀ ਹਨ ਅਤੇ ਇਹ ਨਾ ਤਾਂ ਵਿਭਾਗ ਵੱਲੋਂ ਅਤੇ ਨਾ ਹੀ ਇਸ ਨਾਲ ਜੁੜੀ ਕਿਸੇ ਆਊਟਸੋਰਸ ਏਜੰਸੀ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਆਮ ਜਨਤਾ ਅਤੇ ਹੋਰ ਸੰਬੰਧਤ ਧਿਰਾਂ ਨੂੰ ਅਜਿਹੇ ਇਸ਼ਤਿਹਾਰਾਂ ਜਾਂ ਸੂਚੀਆਂ ‘ਤੇ ਭਰੋਸਾ ਨਾ ਕਰਨ ਅਤੇ ਇਹਨਾਂ ਨੂੰ ਅੱਗੇ ਸਾਂਝਾ ਜਾਂ ਪ੍ਰਚਾਰਿਤ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਭਾਜਪਾ ਪੰਜਾਬ ਤੋਂ ਸਿੱਖ ਕੇ ਆਪਣੇ ਰਾਜਾਂ ‘ਚ ਵੀ ਨਸ਼ਾ ਖ਼ਤਮ ਕਰੇ : ਕੇਜਰੀਵਾਲ
ਨਵੀਂ ਦਿੱਲੀ : ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਆਪਣੇ ਸ਼ਾਸਨ ਵਾਲੇ ਰਾਜਾਂ ਵਿੱਚ ਨਸ਼ਾ ਖ਼ਤਮ ਕਰਨ ਲਈ ਪੰਜਾਬ ਦੀ ‘ਆਪ’ ਸਰਕਾਰ ਤੋਂ ਸਿੱਖਣ ਦੀ ਸਲਾਹ ਦਿੱਤੀ ਹੈ, ਤਾਂ ਜੋ ਪੂਰੇ ਦੇਸ਼ ਵਿੱਚ ਫੈਲ ਰਹੇ ਨਸ਼ੇ ‘ਤੇ ਠੱਲ੍ਹ ਪਾਈ ਜਾ ਸਕੇ।ਉਨ੍ਹਾ ਕਿਹਾ ਕਿ ਕਿਸੇ ਸਮੇਂ ਪੰਜਾਬ ਵਿੱਚ ਪਾਕਿਸਤਾਨ ਤੋਂ 80 ਫੀਸਦੀ ਨਸ਼ਾ ਆਉਂਦਾ ਸੀ, ਜਿਸ ‘ਤੇ ਪੰਜਾਬ ਸਰਕਾਰ ਨੇ ਐਂਟੀ-ਡ੍ਰੋਨ ਸਿਸਟਮ ਲਗਾ ਕੇ ਕਾਬੂ ਪਾ ਲਿਆ, ਪਰ ਹੁਣ ਭਾਜਪਾ ਸ਼ਾਸਤ ਗੁਜਰਾਤ, ਰਾਜਸਥਾਨ, ਹਰਿਆਣਾ, ਯੂ ਪੀ ਅਤੇ ਦਿੱਲੀ ਤੋਂ ਪੰਜਾਬ ਵਿੱਚ 80 ਫੀਸਦੀ ਨਸ਼ਾ ਆ ਰਿਹਾ ਹੈ।ਸਭ ਤੋਂ ਵੱਧ ਨਸ਼ਾ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਆ ਰਿਹਾ ਹੈ, ਜਿਸ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਜਪਾ ਦੀ ਕੇਂਦਰ ਸਰਕਾਰ ਦੀ ਹੈ, ਪਰ ਭਾਜਪਾ ਇਸ ਨੂੰ ਰੋਕਣ ਵਿੱਚ ਨਾਕਾਮ ਹੈ ਜਾਂ ਫਿਰ ਰੋਕਣਾ ਹੀ ਨਹੀਂ ਚਾਹੁੰਦੀ।ਗੁਜਰਾਤ ਵਿੱਚ ਤੀਹ ਸਾਲਾਂ ਤੋਂ ਇਨ੍ਹਾਂ ਦੀ ਸਰਕਾਰ ਹੈ ਅਤੇ ਨਸ਼ੇ ਦਾ ਸਭ ਤੋਂ ਵੱਧ ਧੰਦਾ ਉੱਥੇ ਹੀ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸ਼ਾਸਤ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਨਸ਼ਾ ਭਾਰਤ ਆਉਂਦਾ ਹੈ, ਜਿਸ ਨੂੰ ਰੋਕਣ ਦੀ ਜ਼ਿੰਮੇਵਾਰੀ ਕੇਂਦਰ ਦੀ ਭਾਜਪਾ ਸਰਕਾਰ ਦੀ ਹੈ ਅਤੇ ਇਨ੍ਹਾਂ ਦੀ ਬੇਸ਼ਰਮੀ ਦੇਖੋ; ਪੰਜਾਬ ਵਿੱਚ ਇਹ ਲੋਕ ਨਸ਼ੇ ਦੇ ਖ਼ਿਲਾਫ਼ ਯਾਤਰਾ ਕੱਢ ਰਹੇ ਹਨ।ਪੰਜਾਬ ਤੋਂ ਸਿੱਖੋ।’ਆਪ’ ਤੋਂ ਸਿੱਖੋ ਅਤੇ ਆਪਣੇ ਰਾਜਾਂ ਵਿੱਚ ਵੀ ਨਸ਼ਾ ਖ਼ਤਮ ਕਰੋ।ਹਰ ਗੱਲ ਵਿੱਚ ਰਾਜਨੀਤੀ ਨਾ ਕਰੋ।ਆਪ ਦੇ ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਪੰਜਾਬ ਵਿੱਚ 80 ਪ੍ਰਤੀਸ਼ਤ ਡਰੱਗਜ਼ ਭਾਜਪਾ ਸ਼ਾਸਤ ਰਾਜਾਂ ਤੋਂ ਆ ਰਹੀ ਹੈ।ਕੀ ਭਾਜਪਾ ਡਰੱਗ ਤਸਕਰਾਂ ਨਾਲ ਮਿਲ ਕੇ ਦੇਸ਼ ਵਿੱਚ ਨਸ਼ੇ ਨੂੰ ਬੜ੍ਹਾਵਾ ਦੇ ਰਹੀ ਹੈ?


