ਖਡੂਰ ਸਾਹਿਬ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸ਼ਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਮੰਗਲਵਾਰ ਨੂੰ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਖਾਰਜ ਕਰ ਦਿੱਤਾ। ਬ੍ਰਹਮਪੁਰਾ ਨੇ ਕਿਹਾ ਕਿ ਮੈਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਜਾਰੀ ਕੀਤਾ ਗਿਆ ਫ਼ੁਰਮਾਨ ਮੇਰੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੈ, ਸਗੋਂ ਇਹ ਮੌਜੂਦਾ ਲੀਡਰਸ਼ਿਪ ਵੱਲੋਂ ਨਸ਼ਾ ਤਸਕਰਾਂ ਅਤੇ ਅਪਰਾਧਕ ਮਾਫੀਏ ਅੱਗੇ ਕੀਤੇ ਗਏ ‘ਸਿਧਾਂਤਕ ਆਤਮ-ਸਮਰਪਣ’ ਦਾ ਅਧਿਕਾਰਤ ਐਲਾਨਨਾਮਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਆਗੂ ਆਪਣੇ ਸਿਧਾਂਤਕ ਥੰਮ੍ਹਾਂ ਨੂੰ ਸੁਟ ਕੇ, ਅਪਰਾਧੀਆਂ ਅਤੇ ਦਾਗ਼ੀ ਅਨਸਰਾਂ ਨੂੰ ਆਪਣੀ ਢਾਲ ਬਣਾਉਣ ਲੱਗ ਪਵੇ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਸਰਦਾਰੀ ਦਾ ਅੰਤ ਨਿਸ਼ਚਿਤ ਹੋ ਚੁੱਕਾ ਹੈ। ਮੇਰੇ ਖ਼ਿਲਾਫ਼ ਵਰਤਿਆ ਗਿਆ ਕਥਿਤ ‘ਅਨੁਸ਼ਾਸਨ’ ਦਾ ਹਥਿਆਰ ਅਸਲ ਵਿੱਚ ਉਸ ਆਵਾਜ਼ ਨੂੰ ਦਬਾਉਣ ਦੀ ਇੱਕ ਰਾਜਨੀਤਿਕ ਅਸਫ਼ਲ ਕੋਸ਼ਿਸ਼ ਹੈ, ਜੋ ਥਾਣਿਆਂ ਦੇ ਰੋਜ਼ਨਾਮਚਿਆਂ ਵਿੱਚ ਦਰਜ ਤਿੰਨ ਪੀੜ੍ਹੀਆਂ ਦੇ ਕਾਲੇ ਚਿੱਠੇ ਜਨਤਕ ਕਰ ਰਹੀ ਹੈ।




