ਗੁਰੂਗ੍ਰਾਮ : ਔਰਤ ਬਾਈਕਰ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਕਾਰ ਚਾਲਕ ਕਲਿਆਣ ਬੈਂਸਲਾ ਨੂੰ ਪੁਲਸ ਨੇ ਮੰਗਲਵਾਰ ਨੂੰ ਰਾਜਸਥਾਨ ਦੇ ਰਾਜਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਉਸ ਦੀ ਤੇਜ਼ ਰਫ਼ਤਾਰ ਕਾਰ ਨਾਲ ਔਰਤ ਦੀ ਬਾਈਕ ਨੂੰ ਟੱਕਰ ਮਾਰਨ ਤੋਂ ਦੋ ਦਿਨ ਬਾਅਦ ਹੋਈ ਹੈ, ਜਿਸ ਕਾਰਨ ਔਰਤ ਸੜਕ ‘ਤੇ ਜਾ ਡਿੱਗੀ ਸੀ। ਬਾਈਕਰ ਸ਼ਿਵਾਨੀ ਚੌਹਾਨ, ਜੋ ਆਪਣੀ ਪਛਾਣ ‘ਸੀਆ’ ਵਜੋਂ ਦੱਸਦੀ ਹੈ, ਨੇ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਬੈਂਸਲਾ ‘ਤੇ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਬਾਅਦ ਗੁਰੂਗ੍ਰਾਮ ਪੁਲਸ ਨੇ ਮਾਮਲੇ ਵਿੱਚ ਇਰਾਦਾ-ਏ-ਕਤਲ ਦੀ ਧਾਰਾ (ਭਾਰਤੀ ਨਿਆਂ ਸੰਹਿਤਾ ਦੀ ਧਾਰਾ 109) ਜੋੜ ਦਿੱਤੀ ਹੈ, ਜਿਸ ਵਿੱਚ 10 ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ। ਏ ਸੀ ਪੀ (ਹੈੱਡਕੁਆਰਟਰ) ਅਭਿਲਾਖ ਜੋਸ਼ੀ ਅਨੁਸਾਰ ਮੁਲਜ਼ਮ ਚਾਲਕ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 281 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ ਧਾਰਾ 125 (ਸੱਟ ਪਹੁੰਚਾਉਣਾ) ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਸੀ, ਜਿਸ ਵਿਚ ਹੁਣ ਧਾਰਾ 109 ਵੀ ਸ਼ਾਮਲ ਕਰ ਦਿੱਤੀ ਗਈ ਹੈ।
ਕਲਿਆਣ ਬੈਂਸਲਾ ਨੇ ਰਾਜਗੜ੍ਹ-ਦੌਸਾ ਰੋਡ ਤੋਂ ਫੜੇ ਜਾਣ ਉਪਰੰਤ ਪਿਸ਼ਾਬ ਕਰਨ ਦੇ ਬਹਾਨੇ ਪੁਲਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਦੌਰਾਨ ਡਿੱਗਣ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸ ਨੂੰ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ। ਘਟਨਾ ਵਿੱਚ ਵਰਤੀ ਗਈ ਕਾਰ, ਜੋ ਕਿ ਦੋਸ਼ੀ ਦੇ ਇੱਕ ਜਾਣਕਾਰ ਦੇ ਨਾਂਅ ‘ਤੇ ਰਜਿਸਟਰਡ ਹੈ, ਮੁਲਜ਼ਮ ਦੇ ਕਬਜ਼ੇ ਵਿੱਚੋਂ ਬਰਾਮਦ ਕਰ ਲਈ ਗਈ ਹੈ। ਪੁਲਸ ਨੇ ਬੈਂਸਲਾ ਦੇ ਇੱਕ ਦੋਸਤ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਦੀ ਪਛਾਣ ਲਵਨੀਸ਼ ਵਜੋਂ ਹੋਈ ਹੈ, ਜੋ ਘਟਨਾ ਸਮੇਂ ਬੈਂਸਲਾ ਦੇ ਨਾਲ ਸੀ। ਉਹ ਬੈਂਸਲਾ ਦਾ ਦੂਰ ਦਾ ਚਚੇਰਾ ਭਰਾ ਹੈ ਅਤੇ ਪੁਲਸ ਪੂਰੀ ਘਟਨਾ ਵਿੱਚ ਲਵਨੀਸ਼ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ ਕਲਿਆਣ ਬੈਂਸਲਾ (33) ਜੋ ਪਲਵਲ ਜ਼ਿਲ੍ਹੇ ਦੇ ਚੰਦਹਾਟ ਦਾ ਰਹਿਣ ਵਾਲਾ ਹੈ, ਇੱਕ ਜਿੰਮ ਸੰਚਾਲਕ ਹੈ ਅਤੇ ਪ੍ਰਾਪਰਟੀ ਦਾ ਕਾਰੋਬਾਰੀ ਹੈ।


