ਕੈਨੇਡਾ ਤੋਂ ਡਿਪੋਰਟ ਕਰਮਵੀਰ ਪੰਜਾਬ ਪੁਲਸ ਨੇ ਲਿਆ ਹਿਰਾਸਤ ‘ਚ

0
8

ਚੰਡੀਗੜ੍ਹ (ਗੁਰਜੀਤ ਬਿੱਲਾ)-ਡੀ ਜੀ ਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਲੁਧਿਆਣਾ ਦੇ ਪਿੰਡ ਬਹਾਦਰਕੇ ਦਾ ਰਹਿਣ ਵਾਲਾ ਕਰਮਵੀਰ ਸਿੰਘ ਉਹੀ ਵਿਅਕਤੀ ਹੈ, ਜਿਸ ਦੇ ਬੇਕਰਸਫ਼ੀਲਡ, ਕੈਲੀਫ਼ੋਰਨੀਆ ਵਿੱਚ 2023 ਦੇ ਵਿਆਹ ਸਮਾਗਮ ਦੌਰਾਨ ਭਗੌੜੇ ਅਨਮੋਲ ਬਿਸ਼ਨੋਈ ਦਾ ਪੰਜਾਬੀ ਗਾਇਕਾਂ ਕਰਨ ਔਜਲਾ ਅਤੇ ਸ਼ੈਰੀ ਮਾਨ ਨਾਲ ਨੱਚਣ ਦਾ ਵੀਡੀਓ ਵਾਇਰਲ ਹੋਇਆ ਸੀ। ਉਸ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਉਹ ਭਾਰਤੀ ਦੰਡ ਸੰਹਿਤਾ, ਅਸਲਾ ਐਕਟ ਅਤੇ ਪਾਸਪੋਰਟ ਐਕਟ ਤਹਿਤ ਥਾਣਾ ਐੱਸ ਏ ਐੱਸ ਨਗਰ (ਮੁਹਾਲੀ) ਵਿਖੇ ਦਰਜ ਮਾਮਲੇ ਵਿੱਚ ਲੋੜੀਂਦਾ ਸੀ। ਇਸੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪੰਜਾਬ ਨਾਲ ਸੰਬੰਧਤ ਚਾਰ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਵਿਰੁੱਧ ਜ਼ਬਰਦਸਤੀ ਉਗਰਾਹੀ, ਗੋਲੀਬਾਰੀ ਅਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਸਨ। ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਆਫ ਕੈਨੇਡਾ ਦੇ ਹੁਕਮਾਂ ਤੋਂ ਬਾਅਦ ਇਹ ਨੌਜਵਾਨ ਡਿਪੋਰਟ ਕੀਤੇ ਗਏ ਹਨ।