ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਸਟੇਟ ਕੌਂਸਲ ਸੀ ਪੀ ਆਈ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਵੀਰਵਾਰ ਜਾਰੀ ਬਿਆਨ ‘ਚ ਦੱਸਿਆ ਕਿ ਸੀ ਪੀ ਆਈ ਵੱਲੋਂ ‘ਬਦਲਾਅ ਜ਼ਰੂਰੀ ਹੈ’, ਦੀ ਮੁਹਿੰਮ ਵਜੋਂ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਰਾਮ ਲੀਲ੍ਹਾ ਮੈਦਾਨ ਵਿੱਚ ਦੇਸ਼-ਪੱਧਰੀ ਵਿਸ਼ਾਲ ਰੈਲੀ ਕੀਤੀ ਗਈ ਸੀ, ਜਿਸ ਵਿੱਚ ਮੁੱਖ ਤੌਰ ‘ਤੇ ਦਿੱਲੀ ਦੇ ਆਸ ਪਾਸ ਦੀਆਂ ਸਟੇਟਾਂ ਤੋਂ ਅਤੇ ਦੂਰ-ਦੁਰਾਡੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਪਾਰਟੀ ਕਾਡਰ ਅਤੇ ਆਮ ਲੋਕ 70 ਹਜ਼ਾਰ ਤੋਂ ਵੱਧ ਦੀ ਗਿਣਤੀ ਵਿੱਚ ਹੁੰਮ-ਹੁਮਾ ਕੇ ਪੁੱਜੇ ਸਨ। ਇਸ ਰੈਲੀ ਵਿੱਚੋਂ ‘ਬਦਲਾਅ ਜ਼ਰੂਰੀ ਹੈ’ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਸੀ ਪੀ ਆਈ ਨੇ ਪਹਿਲੀ ਦਸੰਬਰ ਤੋਂ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਦੱਬੇ ਲਿਤਾੜੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਵਿਆਪੀ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤੇ ਜਾਣ ਦਾ ਸੱਦਾ ਦਿੱਤਾ ਗਿਆ ਅਤੇ ਟੀਚਾ ਮਿਥਿਆ ਗਿਆ ਹੈ ਕਿ ਘੱਟੋ-ਘੱਟ 5 ਲੱਖ ਪਾਰਟੀ ਕਾਰਕੁਨ ਅਤੇ ਹਮਦਰਦ ਜੇਲ੍ਹਾਂ ਵਿੱਚ ਜਾਣਗੇ ਇਸ ਮੁਹਿੰਮ ਦੀ ਸਫਲਤਾ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਨੂੰ ਕਿਹਾ ਗਿਆ ਹੈ ਕਿ ਆਪਣੇ ਆਪਣੇ ਜ਼ਿਲ੍ਹੇ ਵਿੱਚ ਹਰ ਇੱਕ ਬਰਾਂਚ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਜੇਲ੍ਹ ਭਰੋ ਅੰਦੋਲਨ ਦੀ ਮਹੱਤਤਾ ਅਤੇ ਮੁੱਦਿਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ, ਤਾਂ ਕਿ ਕਾਰਪੋਰੇਟਾਂ ਅਤੇ ਫਿਰਕਾਪ੍ਰਸਤ ਤਾਕਤਾਂ ਦੀ ਪੁਸ਼ਤ-ਪਨਾਹੀ ਕਰਨ ਵਾਲੀ ਤਾਨਾਸ਼ਾਹੀ ਵੱਲ ਤੇਜ਼ੀ ਨਾਲ ਵਧ ਰਹੀ ਮੋਦੀ ਸਰਕਾਰ ਨੂੰ ਆਉਂਦੀਆਂ ਚੋਣਾਂ ਵਿੱਚ ਗੱਦੀ ਤੋਂ ਲਾਂਭੇ ਕੀਤਾ ਜਾ ਸਕੇ ਅਤੇ ਦੇਸ਼ ਦੇ ਸੰਵਿਧਾਨ, ਸੰਵਿਧਾਨਕ ਸੰਸਥਾਵਾਂ, ਫਿਰਕੂ ਇਕਸੁਰਤਾ, ਫੈਡਰਲ ਢਾਂਚਾ, ਸਮਾਜਿਕ ਤਾਣਾ-ਬਾਣਾ, ਖੇਤੀ ਛੋਟਾਂ ਅਤੇ ਮੱਧਮ ਵਪਾਰ ਅਤੇ ਲੋਕ ਅਦਾਰਿਆਂ ਨੂੰ ਬਚਾਇਆ ਜਾ ਸਕੇ। ਕਾਰਪੋਰੇਟੀ ਲੁੱਟ ਨੂੰ ਰੋਕਣਾ, ਘੱਟ ਗਿਣਤੀਆਂ ਉੱਤੇ ਹੁੰਦੇ ਹਮਲਿਆਂ ਨੂੰ ਰੋਕਣਾ, ਅਮਰੀਕਾ ਨਾਲ ਹੋਣ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਰੋਕਣਾ, ਮਨਰੇਗਾ ਕਾਨੂੰਨ ਬਹਾਲ ਕਰਾਉਣਾ ਸਿਹਤ ਸਿੱਖਿਆ ਅਤੇ ਰੁਜ਼ਗਾਰ ਆਦਿ ਸਭ ਵੀ ਜੇਲ੍ਹ ਭਰੋ ਅੰਦੋਲਨ ਦੇ ਮੁੱਖ ਮੁੱਦੇ ਹੋਣਗੇ।
ਧਾਲੀਵਾਲ ਨੇ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਅਸੈਂਬਲੀ ਚੋਣਾਂ ਦਾ ਚੁਣਾਵੀ ਮਾਹੌਲ ਦਿਨੋਂ-ਦਿਨ ਭਖਦਾ ਜਾ ਰਿਹਾ ਹੈ। ਪੰਜਾਬ ਸੀ ਪੀ ਆਈ ਜਲਦੀ ਹੀ ਕਾਰਜਕਾਰਨੀ ਅਤੇ ਸੂਬਾ ਕੌਂਸਲ ਦੀ ਮੀਟਿੰਗ ਕਰਨ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਰਾਜਨੀਤਕ ਦ੍ਰਿਸ਼ ਦਾ ਲੇਖਾ-ਜੋਖਾ ਵੀ ਕੀਤਾ ਜਾਵੇਗਾ ਅਤੇ ਚੁਣਾਵੀ ਰਣਨੀਤੀ ਅਤੇ ਸੰਭਾਵਨਾਵਾਂ ‘ਤੇ ਵੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਪਾਰਟੀ ਵੱਲੋਂ ਪਿਛਲੇ ਦੋ ਮਹੀਨਿਆਂ ਵਿੱਚ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਸਫਲ ਕਨਵੈਨਸ਼ਨਾਂ ਕੀਤੀਆਂ ਗਈਆਂ ਅਤੇ ਇਸ ਤੋਂ ਉਪਰੰਤ ਦਿੱਲੀ ਵਿਖੇ ਕੀਤੀ ਗਈ ‘ਬਦਲਾਵ ਜ਼ਰੂਰੀ ਹੈ’ ਰੈਲੀ ਦੀ ਸਫਲਤਾ ਲਈ ਸ਼ਲਾਘਾਯੋਗ ਉਦਮ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਜਥੇ ਦਿੱਲੀ ਰੈਲੀ ਵਿੱਚ ਸ਼ਾਮਲ ਹੋਏ।
ਪੰਜਾਬ ਦੇ ਸਮੁੱਚੇ ਹਾਲਾਤ ਅਤੇ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਆਪ ਦੀ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਰਕਾਰ ਸਾਬਤ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਇਸ ਸਰਕਾਰ ਦੇ ਹੱਥੋਂ ਠੱਗੇ ਹੋਏ ਮਹਿਸੂਸ ਕਰ ਰਹੇ ਹਨ, ਜਿਸ ਦਾ ਪ੍ਰਗਟਾਵਾ ਚੋਣਾਂ ਵਿੱਚ ਕਰਨ ਨੂੰ ਉਹ ਆਪਣਾ ਮਨ ਬਣਾਈ ਬੈਠੇ ਹਨ। ਸੂਬੇ ਦੇ ਹਰ ਪੱਖ ਤੋਂ ਲੋੜੀਂਦੇ ਵਿਕਾਸ ਨੂੰ ਕਿਸੇ ਕਿਸਮ ਦੀ ਗਤੀ ਪ੍ਰਦਾਨ ਕਰਨ ਵਿੱਚ ਇਹ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਸਰਕਾਰ ਦੀ ਵਿਦਾਈ ਹੋਣ ਤੱਕ ਪੰਜਾਬ ਦੇ ਸਿਰ ਲੱਗਭੱਗ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਚੁੱਕਾ ਹੋਵੇਗਾ। ਰੁਜ਼ਗਾਰ ਸਿਰਜਣ ਵਿੱਚ ਕੋਈ ਕਦਮ ਚੁੱਕੇ ਨਜ਼ਰ ਨਹੀਂ ਆਉਂਦੇ। ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਢਾਈ ਤਿੰਨ ਲੱਖ ਖਾਲੀ ਪਈਆਂ ਨੌਕਰੀਆਂ ਦੇ ਬਦਲੇ ਸਿਰਫ 40 ਹਜ਼ਾਰ ਅਰਧ ਪੱਕੀਆਂ ਨੌਕਰੀਆਂ ਦਿੱਤੇ ਜਾਣ ਦੇ ਹੀ ਦਮਗਜ਼ੇ ਮਾਰੇ ਜਾ ਰਹੇ ਹਨ, ਜਦਕਿ ਉਹ ਭਰਤੀ ਵੀ ਪੁਲਸ ਫੋਰਸਾਂ ਵਿੱਚ ਹੀ ਹੋਈ ਹੈ। ਮੁਲਾਜ਼ਮਾਂ ਦਾ ਡੀ ਏ, ਪੇ ਕਮਿਸ਼ਨ ਦੇ ਬਕਾਏ ਦੇਣ ਤੋਂ ਸਰਕਾਰ ਸਿਰਫ ਇਨਕਾਰੀ ਹੀ ਨਹੀਂ, ਸਗੋਂ 8 ਲੱਖ ਵਰਤਮਾਨ ਅਤੇ ਸੇਵਾ-ਮੁਕਤ ਮੁਲਾਜ਼ਮਾਂ ਨਾਲ ਦੁਸ਼ਮਣਾਂ ਵਾਂਗ ਮੱਥਾ ਲਾਇਆ ਹੋਇਆ ਹੈ ਅਤੇ ਮੁਲਾਜ਼ਮਾਂ ਨੂੰ ਸਾਰੇ ਦੇਸ਼ ਤੋਂ ਵੱਧ ਤਨਖਾਹ ਦਿੱਤੀਆਂ ਜਾ ਰਹੀਆਂ ਹਨ ਆਦਿ ਵਰਗਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਮਹਿੰਗੇ ਵਕੀਲ ਕਰਕੇ ਅਦਾਲਤਾਂ ਅੱਗੇ ਡੀ ਏ ਨਾ ਦੇਣ ਦੀ ਦੁਹਾਈ ਪਾਈ ਜਾ ਰਹੀ ਹੈ। ਆਪਣੇ ਹੱਕਾਂ ਲਈ ਪ੍ਰੋਟੈਸਟ ਕਰ ਰਹੇ ਹਰ ਵਰਗ ‘ਤੇ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਰਾਹੀਂ ਤਸ਼ੱਦਦ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ। ਮੁਫਤ ਸਫਰ ਸਹੂਲਤਾਂ ਤੀਰਥ ਯਾਤਰਾਵਾਂ ਅਤੇ 1000 ਰੁਪਏ ਵਰਗੀ ਟੂੰ-ਟੂੰ ਦਾ ਖਮਿਆਜ਼ਾ ਟਰਾਂਸਪੋਰਟ ਮਹਿਕਮੇ ਦੇ ਮੁਲਾਜ਼ਮ ਅਤੇ ਕਈ ਹੋਰ ਅਦਾਰਿਆਂ ਦੇ ਮੁਲਾਜ਼ਮ ਤਨਖਾਹਾਂ ਨਾ ਮਿਲਣ ਦੇ ਰੂਪ ਵਿੱਚ ਭੁਗਤ ਰਹੇ ਹਨ। ਬਿਜਲੀ ਦੇ ਕੱਟਾਂ ਦੇ ਕਾਰਨ ਝੋਨੇ ਦੀ ਫਸਲ ਨੂੰ ਪਾਣੀ ਦੀ ਜ਼ਰੂਰੀ ਲੋੜ ਸਮੇਂ ਕਿਸਾਨ ਬੁਰੀ ਤਰ੍ਹਾਂ ਪਰੇਸ਼ਾਨ ਹਨ, ਘਰੇਲੂ ਖਪਤਕਾਰ ਅਤੇ ਸਨਅਤਕਾਰ ਇਹਨਾਂ ਬਿਜਲੀ ਕੱਟਾਂ ਤੋਂ ਬੇਹੱਦ ਦੁਖੀ ਹਨ। ਸਰਕਾਰ ਦੇ ਮੁਖੀ ਅਤੇ ਮੰਤਰੀਆਂ ਨੂੰ ਜੇਕਰ ਕੋਈ ਇਸ ਸੰਬੰਧੀ ਜਾਂ ਕਤਲ, ਡਾਕੇ, ਚੋਰੀਆਂ ਅਤੇ ਫਿਰੌਤੀਆਂ ਆਦਿ ਬਾਰੇ ਚਿੰਤਾ ਜ਼ਾਹਰ ਕਰਨ ਲਈ ਸਵਾਲ ਪੁੱਛਦਾ ਹੈ ਤਾਂ ਹੰਕਾਰ ਵਿੱਚ ਗ੍ਰਸਤ ਮੰਤਰੀ ਪੁਲਸ ਨੂੰ ਸਵਾਲ ਕਰਤਾ ਨੂੰ ਸਬਕ ਸਿਖਾਉਣ ਦਾ ਹੁਕਮ ਚਾੜ੍ਹ ਕੇ ਤਸ਼ੱਦਦ ਕਰਵਾਉਂਦੇ ਹਨ, ਜਿਸ ਦੀਆਂ ਤਾਜ਼ਾ ਦੋ ਬਹੁਤ ਹੀ ਜ਼ਾਲਮਾਨਾ ਘਟਨਾਵਾਂ ਸਾਡੇ ਸਾਹਮਣੇ ਹਨ, ਕਿਵੇਂ ਮੋਹਣਜੀਤ ਸਿੰਘ ਸ਼ੇਰੋਂ ਨੂੰ ਤਸੀਹੇ ਦੇ ਕੇ ਬੇਇੱਜ਼ਤ ਕੀਤਾ ਗਿਆ ਅਤੇ ਦੂਸਰੀ ਹਿਰਦੇਵੇਦਕ ਘਟਨਾ ਖਜ਼ਾਨਾ ਮੰਤਰੀ ਦੇ ਹੰਕਾਰ ਦੀ ਉਪਜ ਵਿੱਚੋਂ ਵਾਪਰੀ, ਜਦੋਂ ਆਪਣੇ ਘਰ ਦੀ ਨਸ਼ੇ ਨਾਲ ਹੋਈ ਬਰਬਾਦੀ ਦੀ ਦਾਸਤਾਨ ਸੁਣਾਉਣ ਵਾਲੇ ਗੁਲਜਾਰ ਸਿੰਘ ਨੂੰ ਹਾਕਮੀ ਦਹਿਸ਼ਤਗਰਦੀ ਨਾ ਸਹਾਰਦੇ ਹੋਏ ਸਲਫਾਸ ਨਿਗਲ ਕੇ ਆਪਣੀ ਜਾਨ ਦੇਣੀ ਪਈ। ਇਹਨਾਂ ਘਟਨਾਵਾਂ ਦੀ ਜਿੱਥੇ ਸਾਡੀ ਪਾਰਟੀ ਪੁਰਜ਼ੋਰ ਨਿਖੇਧੀ ਕਰਦੀ ਹੈ, ਉੱਥੇ ਨਾਲ ਹੀ ਮੰਗ ਕਰਦੀ ਹੈ ਕਿ ਇਹਨਾਂ ਘਟਨਾਵਾਂ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ ਅਤੇ ਢੁਕਵੀਂ ਕਾਰਵਾਈ ਕਰਕੇ ਦੋਸ਼ੀਆਂ ਵਿਰੁੱਧ ਮੁਕਦਮੇ ਦਰਜ ਕੀਤੇ ਜਾਣ। ਪਾਰਟੀ ਵੱਲੋਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੇ ਡਰਾਈਵਰਾਂ ਵਿਰੁੱਧ ਇਸ਼ਤਿਹਾਰ ਜਾਰੀ ਕਰਕੇ ਭੱਦੀਆਂ ਟਿੱਪਣੀਆਂ ਕਰਕੇ ਨਸਲੀ ਭੜਕਾਹਟ ਪੈਦਾ ਕਰਨ ਦੀ ਘਟੀਆ ਹਰਕਤ ਲਈ ਟਰੰਪ ਪ੍ਰਸ਼ਾਸਨ ਦੀ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਅਤੇ ਮੰਗ ਕਰਦੀ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਮਸਲੇ ਤੇ ਦੇਸ਼ ਦੇ ਸਵੈਮਾਨ ਦੀ ਰਾਖੀ ਕਰਨ ਲਈ ਟਰੰਪ ਨੂੰ ਕਾਰਵਾਈ ਕਰਨ ਲਈ ਕਿਹਾ ਜਾਵੇ ਅਤੇ ਅਹਿਸਾਸ ਕਰਵਾਇਆ ਜਾਵੇ। ਪੰਜਾਬ ਸੀ ਪੀ ਆਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਰੇਗਾ ਕਾਮਿਆਂ ਨੂੰ ਪੂਰਾ ਕੰਮ ਮਿਲਣ ਦੀ ਅਤੇ ਪੂਰੀ ਅਦਾਇਗੀ ਕਰਨ ਦੀ ਗਰੰਟੀ ਕੀਤੀ ਜਾਵੇ, ਖੇਤ ਮਜ਼ਦੂਰਾਂ ਨੂੰ ਆਪਣੇ ਚੁਣਾਵੀ ਵਾਅਦੇ ਮੁਤਾਬਕ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਮੁਲਾਜ਼ਮਾਂ ਨੂੰ 18 ਫੀਸਦੀ ਡੀ ਏ ਅਤੇ ਪੇ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ, ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਨੂੰ ਫੌਰੀ ਤੌਰ ‘ਤੇ ਰੈਗੂਲਰ ਕੀਤਾ ਜਾਵੇ, ਸ਼ਹਿਰਾਂ ਵਿੱਚੋਂ ਕੂੜੇ ਅਤੇ ਗੰਦਗੀ ਦੇ ਢੇਰਾਂ ਨੂੰ ਸਮੇਟਿਆ ਜਾਵੇ ਅਤੇ ਸਾਫ-ਸਫਾਈ ਦਾ ਯੋਗ ਪ੍ਰਬੰਧ ਕੀਤਾ ਜਾਵੇ, ਅਮਨ-ਕਾਨੂੰਨ ਦੀ ਅੱਤ ਦੀ ਮਾੜੀ ਹੋ ਚੁੱਕੀ ਹਾਲਤ ਨੂੰ ਸੁਧਾਰਿਆ ਜਾਵੇ, ਭ੍ਰਿਸ਼ਟਾਚਾਰ ਅਤੇ ਨਸ਼ਾ ਤਸਕਰੀ ਨੂੰ ਸਖਤੀ ਨਾਲ ਰੋਕਿਆ ਜਾਵੇ।





