ਹੁਸ਼ਿਆਰਪੁਰ
(ਬਲਵੀਰ ਸਿੰਘ ਸੈਣੀ)
ਹੁਸ਼ਿਆਰਪੁਰ ਦੀ ਇਕ ਅਦਾਲਤ ਨੇ ਦੀਪ ਨਗਰ ਮੁਹੱਲੇ ਦੇ 5 ਸਾਲਾ ਬੱਚੇ ਹਰਵੀਰ ਸਿੰਘ ਨਾਲ ਬਦਫੈਲੀ ਕਰਨ ਉਪਰੰਤ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਨਾਨਕੇ ਯਾਦਵ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ।ਮਾਣਯੋਗ ਜੱਜ ਮਨਪ੍ਰੀਤ ਕੌਰ ਦੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਨੂੰ ‘ਦੁਰਲੱਭ ਤੋਂ ਦੁਰਲੱਭ’ ਮਾਮਲਾ ਮੰਨਿਆ ਅਤੇ ਦੋਸ਼ੀ ਲਈ ਮੌਤ ਦੀ ਸਜ਼ਾ ਦਾ ਐਲਾਨ ਕੀਤਾ।ਅਦਾਲਤ ਵੱਲੋਂ 15 ਸਤੰਬਰ ਨੂੰ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਸਜ਼ਾ ਸੁਣਾਉਣ ਲਈ 18 ਸਤੰਬਰ ਦੀ ਤਾਰੀਖ਼ ਮੁਕੱਰਰ ਕੀਤੀ ਸੀ।ਪਿਛਲੇ ਸਾਲ 9 ਸਤੰਬਰ ਨੂੰ ਹਰਵੀਰ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ।ਇਸ ਦੌਰਾਨ ਦੋਸ਼ੀ ਉਸ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ।ਪਰਿਵਾਰ ਵੱਲੋਂ ਬੱਚੇ ਦੀ ਭਾਲ ਕੀਤੀ ਗਈ ਅਤੇ ਮਾਮਲਾ ਪੁਲੀਸ ਤੱਕ ਪਹੁੰਚਣ ਉਪਰੰਤ ਪੁਲੀਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ।ਅਗਲੇ ਦਿਨ ਪੁਰਹੀਰਾਂ ਸਥਿਤ ਇੱਕ ਸ਼ਮਸ਼ਾਨਘਾਟ ਤੋਂ ਬੱਚੇ ਦੀ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਰੋਸ ਦੀ ਲਹਿਰ ਫੈਲ ਗਈ। ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਬੱਚੇ ਨਾਲ ਕਤਲ ਤੋਂ ਪਹਿਲਾਂ ਬਦਫੈਲੀ ਕੀਤੀ ਗਈ ਸੀ।ਪੁਲੀਸ ਨੇ ਮਾਮਲੇ ਦੀ ਜਾਂਚ ਨੂੰ ਤੇਜ਼ ਕਰਦਿਆਂ ਵਾਰਦਾਤ ਤੋਂ ਅਗਲੇ ਹੀ ਦਿਨ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਸੀ।





