ਅਮਰੀਕਾ ਨੂੰ ਭਾਰਤ ਮਾਤਾ ਵੇਚ’ਤੀ : ਰਾਹੁਲ

0
7

ਨਵੀਂ ਦਿੱਲੀ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਦੋਸ਼ ਲਾਇਆ ਕਿ ਸਰਕਾਰ ਨੇ ਭਾਰਤ-ਅਮਰੀਕਾ ਅੰਤਰਮ ਵਪਾਰ ਸਮਝੌਤੇ ਰਾਹੀਂ ਭਾਰਤ ਮਾਤਾ ਨੂੰ ਵੇਚ ਦਿੱਤਾ ਹੈ ਤੇ ਇਹ ਇੱਕ ਥੋਕ ਆਤਮ-ਸਮਰਪਣ ਸੀ, ਜਿਸ ਵਿੱਚ ਭਾਰਤ ਦੀ ਊਰਜਾ ਸੁਰੱਖਿਆ ਅਮਰੀਕਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ। ਕੇਂਦਰੀ ਬਜਟ ‘ਤੇ ਬਹਿਸ ਦੌਰਾਨ ਉਨ੍ਹਾ ਕਿਹਾ ਕਿ ਜੇ ‘ਇੰਡੀਆ’ ਗੱਠਜੋੜ ਦੀ ਸਰਕਾਰ ਨੇ ਅਮਰੀਕਾ ਨਾਲ ਵਪਾਰਕ ਸਮਝੌਤੇ ਲਈ ਗੱਲਬਾਤ ਕੀਤੀ ਹੁੰਦੀ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤ ਨਾਲ ਬਰਾਬਰ ਵਿਹਾਰ ਕਰਨ ਲਈ ਕਿਹਾ ਜਾਂਦਾ। ਵਪਾਰਕ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਉਨ੍ਹਾ ਕਿਹਾ, ‘ਤੁਸੀਂ ਭਾਰਤ ਨੂੰ ਵੇਚ ਦਿੱਤਾ ਹੈ। ਕੀ ਤੁਹਾਨੂੰ ਭਾਰਤ ਵੇਚਣ ‘ਤੇ ਸ਼ਰਮ ਨਹੀਂ ਆਉਂਦੀ? ਤੁਸੀਂ ਸਾਡੀ ਮਾਂ, ਭਾਰਤ ਮਾਤਾ ਨੂੰ ਵੇਚ ਦਿੱਤਾ ਹੈ।’”
ਰਾਹੁਲ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਤਹਿਤ ਊਰਜਾ ਸੁਰੱਖਿਆ ਚਲੇ ਗਈ ਹੈ ਅਤੇ ਹੁਣ ਅਮਰੀਕਾ ਫੈਸਲਾ ਕਰੇਗਾ ਕਿ ‘ਅਸੀਂ ਕਿਸ ਤੋਂ ਤੇਲ ਖਰੀਦਣਾ ਹੈ।’
ਉਨ੍ਹਾ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਵੀ ਸਮਝੌਤਾ ਕੀਤਾ ਗਿਆ ਹੈ, ਕਿਉਂਕਿ ਅਮਰੀਕਾ ਦੇ ਖੇਤੀਬਾੜੀ ਉਤਪਾਦ ਭਾਰਤੀ ਬਾਜ਼ਾਰਾਂ ਵਿੱਚ ਹੜ੍ਹ ਵਾਂਗ ਆ ਜਾਣਗੇ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਭਾਰਤੀ ਟੈਕਸਟਾਈਲ (ਕੱਪੜਾ) ਉਦਯੋਗ ਖਤਮ ਹੋ ਗਿਆ ਹੈ।
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਸੀ ਕਿ ਜੰਗ ਦਾ ਯੁੱਗ ਖਤਮ ਹੋ ਗਿਆ ਹੈ, ਪਰ ਅਸਲੀਅਤ ਇਹ ਹੈ ਕਿ ਅਸੀਂ ਜੰਗ ਦੇ ਯੁੱਗ ਵਿੱਚ ਜਾ ਰਹੇ ਹਾਂ।
ਉਨ੍ਹਾ ਕਿਹਾ, ‘ਇੱਕ ਖਤਰਨਾਕ ਸੰਸਾਰ ਵਿੱਚ ਕਦਮ ਰੱਖਦੇ ਹੋਏ ਸਾਨੂੰ ਆਪਣੀਆਂ ਸ਼ਕਤੀਆਂ ਨੂੰ ਸਮਝਣਾ ਹੋਵੇਗਾ ਅਤੇ ਸਾਡੇ ਦੇਸ਼ ਦੀ ਮੁੱਖ ਸ਼ਕਤੀ ਸਾਡੇ ਲੋਕ ਹਨ।’ ਉਨ੍ਹਾ ਦੇਸ਼ ਦੇ ਲੋਕਾਂ, ਡਾਟਾ, ਭੋਜਨ ਦੀ ਸਪਲਾਈ ਅਤੇ ਊਰਜਾ ਪ੍ਰਣਾਲੀ ਦੀ ਰੱਖਿਆ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।