ਅੱਜ ਦੇਸ਼-ਵਿਆਪੀ ਹੜਤਾਲ

0
114

30 ਕਰੋੜ ਮੁਲਾਜ਼ਮ-ਮਜ਼ਦੂਰ, ਕਿਸਾਨ ਤੇ ਨੌਜਵਾਨ ਸ਼ਾਮਲ ਹੋਣਗੇ : ਅਮਰਜੀਤ ਕੌਰ
ਨਵੀਂ ਦਿੱਲੀ : ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ‘ਚ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਦੇਸ਼-ਵਿਆਪੀ ਹੜਤਾਲ ਰਹੇਗੀ। ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਨੇ ਕਿਹਾ ਕਿ ਇਸ ਹੜਤਾਲ ‘ਚ ਕਰੀਬ 30 ਕਰੋੜ ਮਜ਼ਦੂਰ ਹਿੱਸਾ ਲੈਣਗੇ।
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਸ ਵਾਰ ਸ਼ਮੂਲੀਅਤ ਦਾ ਪੱਧਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋਵੇਗਾ। ਉਨ੍ਹਾ ਦੱਸਿਆ, ’12 ਫਰਵਰੀ ਨੂੰ ਹੋਣ ਵਾਲੀ ਹੜਤਾਲ ‘ਚ ਘੱਟੋ-ਘੱਟ 30 ਕਰੋੜ ਵਰਕਰ ਸ਼ਾਮਲ ਹੋਣਗੇ। 9 ਜੁਲਾਈ, 2025 ਦੇ ਵਿਰੋਧ ਪ੍ਰਦਰਸ਼ਨ ਦੌਰਾਨ ਲਗਭਗ 25 ਕਰੋੜ ਵਰਕਰਾਂ ਨੇ ਹਿੱਸਾ ਲਿਆ ਸੀ।’ ਯੂਨੀਅਨਾਂ ਅਨੁਸਾਰ ਇਹ ਹੜਤਾਲ 600 ਤੋਂ ਵੱਧ ਜ਼ਿਲ੍ਹਿਆਂ ‘ਚ ਕੰਮਕਾਜ ਨੂੰ ਪ੍ਰਭਾਵਤ ਕਰੇਗੀ, ਜਦੋਂਕਿ ਪਿਛਲੇ ਸਾਲ ਦੇ ਅੰਦੋਲਨ ‘ਚ ਲਗਭਗ 550 ਜ਼ਿਲ੍ਹੇ ਸ਼ਾਮਲ ਸਨ। ਇਹ ਵਿਰੋਧ ਕੇਂਦਰ ਦੀ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਤੇ ਕਾਰਪੋਰੇਟ-ਪੱਖੀ ਨੀਤੀਆਂ ਦੇ ਖਿਲਾਫ ਹੈ। ਸਾਂਝੇ ਮੰਚ ਨੇ ਕਿਹਾ ਕਿ ਕਿਸਾਨ ਸਮੂਹਾਂ, ਖੇਤ ਮਜ਼ਦੂਰ ਯੂਨੀਅਨਾਂ, ਵਿਦਿਆਰਥੀਆਂ, ਨੌਜਵਾਨ ਜਥੇਬੰਦੀਆਂ ਅਤੇ ਹੋਰ ਫੈਡਰੇਸ਼ਨਾਂ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ ਹੈ। ਅਮਰਜੀਤ ਕੌਰ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਤ ਸੂਬਿਆਂ ‘ਚ ਵੀ ਹੜਤਾਲ ਦਾ ਅਸਰ ਪਵੇਗਾ। ਉਨ੍ਹਾ ਕਿਹਾ ਕਿ ਓਡੀਸ਼ਾ ਅਤੇ ਅਸਾਮ ਦੇ ਪੂਰੀ ਤਰ੍ਹਾਂ ਬੰਦ ਰਹਿਣ ਦੀ ਉਮੀਦ ਹੈ ਅਤੇ ਦੂਜੇ ਸੂਬਿਆਂ ‘ਚ ਵੀ ਵੱਡੇ ਪੱਧਰ ‘ਤੇ ਲੋਕ ਇਸ ‘ਚ ਸ਼ਾਮਲ ਹੋਣਗੇ। ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੀਆਂ ਕੰਪਨੀਆਂ, ਉਦਯੋਗਿਕ ਕਲੱਸਟਰਾਂ ਤੇ ਨਿੱਜੀ ਅਦਾਰਿਆਂ ਸਮੇਤ ਸਾਰੇ ਸੈਕਟਰਾਂ ‘ਚ ਹੜਤਾਲ ਦੇ ਨੋਟਿਸ ਜਾਰੀ ਕੀਤੇ ਗਏ ਹਨ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਮੁਹਿੰਮਾਂ ਚਲਾਈਆਂ ਗਈਆਂ ਹਨ।