ਗੈਂਗਸਟਰ ਲਾਰੈਂਸ ਨਾਲ ਮਜ਼ਾਕ ਕਰਨਾ ਮੋਗਾ ਦੇ ਐੱਸ ਐੱਚ ਓ ਨੂੰ ਪਿਆ ਮਹਿੰਗਾ

0
275

ਮੋਗਾ (ਅਮਰਜੀਤ ਬੱਬਰੀ)-ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਨਾਲ ਹੱਸਣਾ ਮੋਗਾ ਦੇ ਸੀ ਆਈ ਏ ਐੱਸ ਐੱਚ ਓ ਕਿੱਕਰ ਸਿੰਘ ਨੂੰ ਮਹਿੰਗਾ ਪੈ ਗਿਆ । ਮੋਗਾ ਦੀ ਅਦਾਲਤ ਵਿਚ ਪੇਸ਼ ਕਰਦੇ ਸਮੇਂ ਸੀ ਆਈ ਏ ਇੰਚਾਰਜ ਕਿੱਕਰ ਸਿੰਘ ਨੇ ਲਾਰੈਂਸ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ ਵਿਚ ਗੈਂਗਸਟਰਾਂ ਨਾਲ ਇਸ ਤਰ੍ਹਾਂ ਪੁਲਸ ਅਧਿਕਾਰੀਆਂ ਦਾ ਗੱਲਬਾਤ ਕਰਨਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਪਹਿਲਾਂ ਹੀ ਮਾਨਸਾ ਦੇ ਸੀ ਆਈ ਏ ਇੰਚਾਰਜ ਪਿ੍ਰਤਪਾਲ ਸਿੰਘ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਿਚ ਅਹਿਮ ਭੂਮਿਕਾ ਨਿਭਾਈ। ਹੁਣ ਮੋਗਾ ਦੇ ਸੀ ਆਈ ਏ ਇੰਚਾਰਜ ਕਿੱਕਰ ਸਿੰਘ ਅਜਿਹੇ ਹੀ ਇਕ ਮਾਮਲੇ ਵਿਚ ਚਰਚਾ ਵਿਚ ਆ ਗਏ ਹਨ ਤੇ ਉਨ੍ਹਾਂ ਦਾ ਗੈਂਗਸਟਰ ਲਾਰੈਂਸ ਨਾਲ ਯਾਰਾਨਾ ਕੈਮਰਿਆਂ ਵਿਚ ਕੈਦ ਹੋ ਗਿਆ। ਵਰਨਣਯੋਗ ਹੈ ਕਿ ਸੀ ਆਈ ਏ ਸਟਾਫ ਬਾਘਾਪੁਰਾਣਾ ਦੇ ਮੁਖੀ ਤਿਰਲੋਚਨ ਸਿੰਘ, ਹਰਜੀਤ ਸਿੰਘ ਉਰਫ ਪਿੰਟਾ ਵੱਲੋਂ ਹੱਤਿਆ ਕਾਂਡ ਵਿਚ ਲਾਰੈਂਸ ਨੂੰ ਲੁਧਿਆਣਾ ਤੋਂ ਟਰਾਂਜਿਟ ਰਿਮਾਂਡ ’ਤੇ ਮੋਗਾ ਲਿਆਂਦਾ ਗਿਆ ਸੀ। ਪੇਸ਼ੀ ਦੌਰਾਨ ਅਧਿਕਾਰੀ ਕਿੱਕਰ ਸਿੰਘ ਦੀ ਵੀਡੀਓ ਲਾਰੈਂਸ ਨਾਲ ਵਾਇਰਲ ਹੋ ਗਈ। ਵਾਇਰਲ ਵੀਡੀਓ ਵਿਚ ਐੱਸ ਐੱਚ ਓ ਕਿੱਕਰ ਸਿੰਘ ਅਦਾਲਤ ਵਿਚ ਪੇਸ਼ੀ ’ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੀ ਪਿੱਠ ਨੂੰ ਥਪਥਪਾ ਰਹੇ ਹਨ । ਇਸ ਮਾਮਲੇ ਵਿਚ ਐੱਸ ਐੱਸ ਪੀ ਗੁਲਨੀਤ ਖੁਰਾਣਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਜਾਂਚ ਐੱਸ ਪੀ (ਦਿਹਾਤੀ) ਨੂੰ ਸੌਂਪੀ ਗਈ ਹੈ। ਐੱਸ ਐੱਸ ਪੀ ਖੁਰਾਣਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਜਾਂਚ ਕਰ ਰਹੇ ਅਧਿਕਾਰੀ ਨੇ ਵੀ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਕਿਤੇ ਜਾਂਚ ਵਿਚ ਸੀ ਆਈ ਏ ਐਸ ਐਚ ਓ ਸ਼ੱਕੀ ਪਾਇਆ ਜਾਂਦਾ ਹੈ ਤਾਂ ਤੁਰੰਤ ਉਸ ’ਤੇ ਕਾਰਵਾਈ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here