ਵਿਜੇਵਾੜਾ (ਆਂਧਰਾ ਪ੍ਰਦੇਸ਼) (ਗਿਆਨ ਸੈਦਪੁਰੀ, ਕਮਲਜੀਤ ਥਾਬਲਕੇ) : ਭਾਰਤੀ ਕਮਿਊਨਿਸਟ ਪਾਰਟੀ ਦੀ 24ਵੀਂ ਪਾਰਟੀ ਕਾਂਗਰਸ ਸ਼ੁੱਕਰਵਾਰ ਇਥੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ। ਇਸ ਮਹਾਂਸੰਮੇਲਨ ਦੀ ਸ਼ਾਨ ਬਣਿਆ ਮਿਸ਼ਾਲਾ ਰਾਜਾ ਰਾਓ ਬਿ੍ਰਜ ਤੋਂ ਸ਼ੁਰੂ ਹੋਇਆ ਮਾਰਚ, ਜੋ ਆਕਾਸ਼ ਗੁੰਜਾਊ ਨਾਅਰੇ ਮਾਰਦਾ ਕਈ ਕਿੱਲੋਮੀਟਰ ਦਾ ਸਫਰ ਤੈਅ ਕਰਕੇ ਐੱਮ ਬੀ ਕੇ ਸਟੇਡੀਅਮ ਪੁੱਜਾ, ਜਿੱਥੇ ਵਿਸ਼ਾਲ ਰੈਲੀ ਕੀਤੀ ਗਈ। ਸੁਰਖ ਫਰੇਰੇ ਚੁੱਕੀ ਹਜ਼ਾਰਾਂ ਕਾਮਰੇਡਾਂ ਦੇ ਮਾਰਚ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ, ਸਕੱਤਰੇਤ ਮੈਂਬਰ ਅਮਰਜੀਤ ਕੌਰ, ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੁਲ ਕੁਮਾਰ ਅਨਜਾਣ, ਆਂਧਰਾ ਦੇ ਸਕੱਤਰ ਕੇ ਰਾਮਾ�ਿਸ਼ਨਾ ਤੇ ਹੋਰ ਸੀਨੀਅਰ ਆਗੂਆਂ ਨੇ ਕੀਤੀ। ਰਾਹ ਵਿੱਚ ਆਗੂਆਂ ਨੇ ਮਹਾਨ ਅਜ਼ਾਦੀ ਘੁਲਾਟੀਏ ਅਲੂਰੀ ਸੀਤਾਰਾਮਾ ਰਾਓ ਦੇ ਬੁੱਤ ’ਤੇ ਹਾਰ ਪਾਏ।
ਦੇਸ਼ ਭਰ ਵਿੱਚੋਂ ਚੁਣ ਕੇ ਆਏ ਡੈਲੀਗੇਟਾਂ ਦੀ ਸਰਗਰਮ ਸ਼ਮੂਲੀਅਤ ਵਾਲੇ ਇਸ ਮਾਰਚ ਨੇ ਬੇਮਿਸਾਲ ਉਤਸ਼ਾਹ ਭਰ ਦਿੱਤਾ। ਮਾਰਚ ’ਚ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਦੀ ਸ਼ਮੂਲੀਅਤ ਸੀ ਪੀ ਆਈ ਦੀ ਭਵਿੱਖੀ ਤਾਕਤ ਦੀ ਜ਼ਾਮਨੀ ਭਰਦੀ ਨਜ਼ਰ ਆਈ। ਕਮਿਊਨਿਸਟਾਂ ਦੇ ਉਤਸ਼ਾਹ ਨੇ ਵਿਜੇਵਾੜਾ ’ਚ ਪਿਛਲੇ ਮਹਾਂਸੰਮੇਲਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਉਸ ਵੇਲੇ ਹੋਇਆ ਮਹਾਂਸੰਮੇਲਨ ਇਤਿਹਾਸ ਦੇ ਇੱਕ ਸ਼ਾਨਦਾਰ ਪੰਨੇ ਵਜੋਂ ਦੇਖਿਆ ਜਾਂਦਾ ਹੈ। 14 ਅਕਤੂਬਰ ਤੋਂ 18 ਅਕਤੂਬਰ ਤੱਕ ਚੱਲਣ ਵਾਲੇ ਇਸ ਮਹਾਂਸੰਮੇਲਨ ਦੀ ਸ਼ੁਰੂਆਤ ਤਾਂ 13 ਮਾਰਚ ਦੀ ਸ਼ਾਮ ਨੂੰ ਹੋ ਗਈ ਸੀ ਜਦੋਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਵਿੱਕੀ ਮਹੇਸ਼ਰੀ ਤੇ ਹੋਰ ਉਤਸ਼ਾਹੀ ਨੌਜਵਾਨਾਂ ਦੀ ਅਗਵਾਈ ਵਿੱਚ 24 ਮੋਟਰ ਸਾਈਕਲਾਂ ਦਾ ਕਾਫ਼ਲਾ ਕੇਰਲ ਤੋਂ ਵਿਜੇਵਾੜਾ ਪਹੁੰਚਿਆ ਸੀ। ਰਾਤ ਨੂੰ ਹੋਏ ਸੱਭਿਆਚਾਰਕ ਪ੍ਰੋਗਰਾਮ ਨੇ 5 ਦਿਨ ਤੱਕ ਚੱਲਣ ਵਾਲੇ ਮਹਾਂਸੰਮੇਲਨ ਦਾ ਉਤਸ਼ਾਹੀ ਸੰਦੇਸ਼ ਦੇ ਦਿੱਤਾ ਸੀ। ਇਸ ਮਹਾਂਸੰਮੇਲਨ ’ਚ ਸ਼ਾਮਲ ਹੋਣ ਲਈ ਪੰਜਾਬ ਤੋਂ 20 ਤੋਂ 25 ਡੈਲੀਗੇਟ ਵਿਜੇਵਾੜਾ ਪਹੁੰਚੇ ਹਨ। ਇਨ੍ਹਾਂ ਵਿੱਚ ਸੂਬਾ ਪਾਰਟੀ ਸਕੱਤਰ ਬੰਤ ਸਿੰਘ ਬਰਾੜ, ਹਰਦੇਵ ਅਰਸ਼ੀ, ਜਗਰੂਪ, ਨਿਰਮਲ ਧਾਲੀਵਾਲ, ਪਿਰਥੀਪਾਲ ਮਾੜੀਮੇਘਾ, ਕੁਲਦੀਪ ਭੋਲਾ, ਗੁਲਜ਼ਾਰ ਗੋਰੀਆ, ਅਮਰਜੀਤ ਆਸਲ, ਕਿ੍ਰਸ਼ਨ ਚੌਹਾਨ, ਦੇਵੀ ਕੁਮਾਰੀ ਸਰਹਾਲੀ ਕਲਾਂ, ਲਖਬੀਰ ਨਿਜ਼ਾਮਪੁਰ, ਰਾਜਿੰਦਰ ਪਾਲ ਕੌਰ ਤੇ ਨਰਿੰਦਰ ਸੋਹਲ ਪ੍ਰਮੁੱਖ ਹਨ।