ਚੰਡੀਗੜ੍ਹ : ਸੁਪਰੀਮ ਕੋਰਟ ਨੇ ਪਟਿਆਲਾ ਨਿਗਮ, ਨਗਰ ਕੌਂਸਲ ਧਰਮਕੋਟ ਅਤੇ ਬਾਘਾਪੁਰਾਣਾ ਦੇ 50 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ ਅਤੇ ਇਨ੍ਹਾਂ ਵਾਰਡਾਂ ’ਚ ਨਿਆਇਕ ਨਿਗਰਾਨੀ ਹੇਠ ਮੁੜ ਚੋਣਾਂ ਕਰਾਉਣ ਦੇ ਆਦੇਸ਼ ਜਾਰੀ ਕੀਤੇ ਹਨ| ਸਿਖਰਲੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਨਿਰਮਲਜੀਤ ਕੌਰ (ਸੇਵਾ ਮੁਕਤ) ਦੀ ਅਗਵਾਈ ਵਾਲੇ ਤੱਥ-ਖੋਜ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਹੈ| ਇਸ ਰਿਪੋਰਟ ਵਿਚਲੇ ਤੱਥਾਂ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਨੇ ਪੰਜਾਹ ਵਾਰਡਾਂ ’ਚ ਨਵੇਂ ਸਿਰਿਓਂ ਚੋਣਾਂ ਕਰਾਉਣ ਦੇ ਹੁਕਮ ਕੀਤੇ ਹਨ| ਸੁਪਰੀਮ ਕੋਰਟ ਨੇ ਪਟਿਆਲਾ ਦੇ 28 ਵਾਰਡ, ਨਗਰ ਕੌਂਸਲ ਧਰਮਕੋਟ ਦੇ 7 ਅਤੇ ਨਗਰ ਕੌਂਸਲ ਬਾਘਾਪੁਰਾਣਾ ਦੇ ਸਾਰੇ 15 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ| ਪਟਿਆਲਾ ਵਿੱਚ, ਵਾਰਡ ਨੰਬਰ 1, 4, 6, 12, 14, 16, 22, 26, 28, 32, 33, 34, 36, 37, 38, 40, 41, 43, 44, 45, 46, 48, 50, 51, 52, 53, 55 ਅਤੇ 57 ਵਿੱਚ ਤਾਜ਼ਾ ਚੋਣਾਂ ਕਰਵਾਈਆਂ ਜਾਣਗੀਆਂ| ਧਰਮਕੋਟ ਮਿਉਂਸਪਲ ਕੌਂਸਲ ਵਿੱਚ ਵਾਰਡ ਨੰਬਰ 1, 2, 3, 4, 7, 9 ਅਤੇ 13 ਵਿੱਚ ਤਾਜ਼ਾ ਚੋਣਾਂ ਕਰਵਾਈਆਂ ਜਾਣਗੀਆਂ ਜਦ ਕਿ ਬਾਘਾ ਪੁਰਾਣਾ ਮਿਉਂਸਪਲ ਕੌਂਸਲ ਵਿੱਚ ਸਾਰੇ 15 ਵਾਰਡਾਂ ਵਿੱਚ ਨਵੀਆਂ ਚੋਣਾਂ ਹੋਣਗੀਆਂ|
ਰੂਸ ਦੇ ਹਵਾਈ ਹਮਲੇ ’ਚ 19 ਮੌਤਾਂ; 60 ਤੋਂ ਵੱਧ ਜ਼ਖ਼ਮੀ
ਕੀਵ- ਰੂਸ ਨੇ ਬੁੱਧਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਕਰੀਬ ਇੱਕ ਦਰਜਨ ਹੋਰ ਖੇਤਰਾਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਵੱਡੇ ਪੱਧਰ ’ਤੇ ਹਮਲੇ ਕੀਤੇ, ਜਿਨ੍ਹਾਂ ਵਿੱਚ 4 ਬੱਚਿਆਂ ਸਮੇਤ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖ਼ਮੀ ਹੋ ਗਏ | ਹਾਲਾਂ ਕਿ ਯੂਕਰੇਨ ਨੂੰ ਹਮਲੇ ਦੀ ਜਾਣਕਾਰੀ ਸੀ ਪਰ ਉਹ ਇਸ ਨੂੰ ਪੂਰੀ ਤਰ੍ਹਾਂ ਰੋਕ ਨਹੀਂ ਸਕਿਆ| ਰਾਸ਼ਟਰਪਤੀ ਵੋਲਾਦੀਮੀਰ ਜ਼ੇਲੇਂਸਕੀ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਖੁਫੀਆ ਏਜੰਸੀਆਂ ਮੁਤਾਬਕ ਰੂਸ ਇੱਕ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ|




