ਰਾਜਬੀਰ ਘੁੰਮਣ ਦੀ ਅਰਜ਼ੀ ’ਤੇ ਸੀ ਬੀ ਆਈ ਨੂੰ ਨੋਟਿਸ

0
8

ਚੰਡੀਗੜ੍ਹ : ਸਥਾਨਕ ਸੀ ਬੀ ਆਈ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਵੱਲੋਂ ਦਾਇਰ ਅਰਜ਼ੀ ’ਤੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੂੰ ਨੋਟਿਸ ਜਾਰੀ ਕੀਤਾ ਹੈ| ਘੁੰਮਣ ਨੇ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ ਖ਼ਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ (ਅਦਾਲਤ ਦੀ ਮਾਣਹਾਨੀ) ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ| ਰਾਜਬੀਰ ਘੁੰਮਣ ਨੇ ਦਾਇਰ ਅਰਜ਼ੀ ’ਚ ਕਿਹਾ ਕਿ ਸੀ ਬੀ ਆਈ ਨੇ ਉਨ੍ਹਾਂ ਵਿਰੁੱਧ ਦਰਜ ਕੇਸ ਨਾਲ ਸਬੰਧਤ ਐੱਫ਼ ਆਈ ਆਰ ਨੂੰ ਆਨਲਾਈਨ ਅਪਲੋਡ ਕਰਨ ਤੋਂ ਛੋਟ ਮੰਗਣ ਲਈ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਪਰਵਾਨ ਕਰ ਲਿਆ ਸੀ| ਇਸ ਦੇ ਬਾਵਜੂਦ ਸੀ ਬੀ ਆਈ ਨੇ ਮੀਡੀਆ ਅਤੇ ਆਮ ਜਨਤਾ ਤੱਕ ਇਹ ਐੱਫ਼ ਆਈ ਆਰ ਪਹੁੰਚਾ ਦਿੱਤੀ, ਤਾਂ ਜੋ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ ਜਾ ਸਕੇ| ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸੀ ਬੀ ਆਈ ਨੂੰ 12 ਅਕਤੂਬਰ ਨੂੰ ਜਵਾਬ ਦਾਖਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ| ਇਸੇ ਦੌਰਾਨ ਘੁੰਮਣ ਬੁ¾ਧਵਾਰ ਸੀ ਬੀ ਆਈ ਦੇ ਇੱਥੋਂ ਦੇ ਸੈਕਟਰ 30 ਵਿਚਲੇ ਦਫਤਰ ’ਚ ਪੇਸ਼ ਨਹੀਂ ਹੋਏ| ਅਧਿਕਾਰੀ ਮਿਥੇ ਸਮੇਂ ਤੋਂ ਬਾਅਦ ਤੱਕ ਵੀ ਘੁੰਮਣ ਦੀ ਉਡੀਕ ਕਰਦੇ ਰਹੇ| ਸੂਤਰਾਂ ਮੁਤਾਬਕ ਸੁਪਰੀਮ ਕੋਰਟ ’ਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਘੁੰਮਣ ਨੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ, ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਦੀ ਝਾਕ ਹੈ| ਮੁੱਖ ਮੰਤਰੀ ਦਫਤਰ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀ ਬੀ ਆਈ ਵੱਲੋਂ ਘੁੰਮਣ ਨੂੰ ਪੇਸ਼ ਹੋਣ ਲਈ ਕੋਈ ਸੰਮਨ ਨਹੀਂ ਮਿਲੇ, ਇਸ ਕਰਕੇ ਉਹ ਪੇਸ਼ ਨਹੀਂ ਹੋਏ| ਸੀ ਬੀ ਆਈ ਨੇ ਘੁੰਮਣ ਸਮੇਤ ਅੱਧੀ ਦਰਜਨ ਜਣਿਆਂ ’ਤੇ ਨਵੀਂ ਦਿੱਲੀ ਦੇ ਥਾਣਾ ਈ ਓ-2 ’ਚ ਐੱਫ ਆਈ ਆਰ ਦਰਜ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਸੀ ਬੀ ਆਈ ਨਵੀਂ ਦਿੱਲੀ ਦੇ ਏ ਐੱਸ ਪੀ ਕੇ ਐੱਲ ਮੋਸੇਸ ਨੂੰ ਸੌਂਪੀ ਹੈ| ਇਸ ਐੱਫ ਆਈ ਆਰ ’ਚ ਈ ਡੀ ਦੇ ਅਸਿਸਟੈਂਟ ਡਾਇਰੈਕਟਰ ਅਕਸ਼ੈ ਕੁਮਾਰ ਸ਼ਿਕਾਇਤਕਰਤਾ ਹਨ| ਸੂਤਰ ਦੱਸਦੇ ਹਨ ਕਿ ਸੀ ਬੀ ਆਈ ਦੀਆਂ ਜਿਨ੍ਹਾਂ ਟੀਮਾਂ ਵੱਲੋਂ ਛਾਪੇ ਮਾਰੇ ਗਏ ਸਨ, ਉਨ੍ਹਾਂ ’ਚ ਪੰਜਾਬ ਤੇ ਚੰਡੀਗੜ੍ਹ ਦੇ ਕਿਸੇ ਅਧਿਕਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ| ਐੱਫ ਆਈ ਆਰ ਵਿੱਚ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰ ਐੱਸ ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ|