ਚੰਡੀਗੜ੍ਹ, (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ (ਆਪ) ਸਰਕਾਰ ਦੇ 7 ਮਹੀਨਿਆਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਭਿ੍ਰਸ਼ਟਾਚਾਰ ਅਤੇ ਮਾਫੀਆ ਕਲਚਰ ਨੂੰ ਖਤਮ ਕਰਕੇ ਰਾਜਨੀਤੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ‘ਆਪ’ ਸਰਕਾਰ ਨੇ ਸੂਬੇ ਦੀ ਗੁਆਚੀ ਸ਼ਾਨ ਨੂੰ ਵਾਪਸ ਲਿਆਉਣ ਲਈ ਭਿ੍ਰਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ।
ਐਤਵਾਰ ਪਾਰਟੀ ਮੁੱਖ ਦਫਤਰ ਤੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਪਿਛਲੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਵੱਲੋਂ ਪੰਜਾਬ ਨੂੰ ਵੱਡੇ ਕਰਜ਼ੇ ਵਿੱਚ ਧੱਕਣ ਲਈ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਆਗੂ ਭਿ੍ਰਸ਼ਟਾਚਾਰ ਵਿੱਚ ਲਿਪਤ ਸਨ।
ਉਹਨਾ ਕਿਹਾ ਕਿ ਸਰਕਾਰ ਨੇ 9000 ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਹਨ ਅਤੇ ਬਾਕੀ ਰਹਿੰਦੇ 28000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਰਕਾਰ ਨੇ ਪੁਲਸ ਵਿਭਾਗ ਵਿੱਚ ਭਰੀਆਂ ਵੱਖ-ਵੱਖ ਕਾਡਰਾਂ ਦੀਆਂ 2500 ਅਸਾਮੀਆਂ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 26,000 ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਸੱਤ ਮਹੀਨਿਆਂ ਵਿੱਚ ਸੂਬਾ ਸਰਕਾਰ ਨੇ ਪੰਜਾਬ ਨੂੰ ਲੁੱਟਣ ਵਾਲੇ 220 ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀਆਂ, ਸੀਨੀਅਰ ਸਿਆਸਤਦਾਨਾਂ ਅਤੇ ਅਫਸਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਨ੍ਹਾਂ ਦੀ ਸਰਪ੍ਰਸਤੀ ਕੀਤੀ ਜਾਂਦੀ ਸੀ।
ਉਨ੍ਹਾ ਕਿਹਾ ਕਿ ਕਿਸਾਨਾਂ ਲਈ ਪਹਿਲੀ ਵਾਰ ਟਿਊਬਵੈੱਲਾਂ ’ਤੇ ਲੋਡ ਵਧਾਉਣ ਦਾ ਖਰਚਾ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਐੱਚ ਪੀ ਕੀਤਾ ਗਿਆ। ਧਰਤੀ ਹੇਠਲੇ ਪਾਣੀ ਦੀ ਕਮੀ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਗਈ।
ਇਸੇ ਤਰ੍ਹਾਂ ਗੰਨੇ ਦਾ ਭਾਅ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 360 ਰੁਪਏ ਤੋਂ 380 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ। ਮੂੰਗੀ ਹੇਠ ਰਕਬਾ 54,363 ਏਕੜ ਤੋਂ ਵਧ ਕੇ 1,28,495 ਏਕੜ ਹੋ ਗਿਆ ਹੈ। ਸਰਕਾਰ ਨੇ ਖਰਾਬ ਮੌਸਮ ਅਤੇ ਹੜ੍ਹਾਂ ਨਾਲ ਪ੍ਰਭਾਵਤ ਕਿਸਾਨਾਂ ਨੂੰ ਬਕਾਇਆ ਮੁਆਵਜ਼ਾ ਵੀ ਮਨਜੂਰ ਕਰ ਦਿੱਤਾ ਹੈ। ਗੰਨਾ ਕਾਸ਼ਤਕਾਰਾਂ ਦੇ ਸਾਰੇ ਬਕਾਏ ਕਲੀਅਰ ਵੀ ਕਰ ਦਿੱਤੇ ਗਏ ਹਨ।
ਉਹਨਾ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਮਰਪਿਤ 100 ਆਮ ਆਦਮੀ ਕਲੀਨਿਕ ਆਮ ਆਦਮੀ ਦੇ ਦਰਵਾਜ਼ੇ ’ਤੇ ਮੁਫਤ ਅਤੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ ਹਨ ਅਤੇ ਰਾਜ ਵਿੱਚ 16 ਨਵੇਂ ਮੈਡੀਕਲ ਕਾਲਜਾਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਕੈਂਸਰ ਦੇ ਮਰੀਜ਼ਾਂ ਦੇ ਉੱਚ ਪੱਧਰੀ ਇਲਾਜ ਲਈ ਮੁੱਲਾਂਪੁਰ ਦੇ ਡਾ: ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਵੀ ਕੀਤਾ ਹੈ।
ਅਕਾਲੀ ਦਲ ’ਤੇ ਚੁਟਕੀ ਲੈਂਦਿਆਂ ਅਰੋੜਾ ਨੇ ਕਿਹਾ ਕਿ ਬਾਦਲ ਸਰਕਾਰ ’ਚ ਕਬੱਡੀ ਟੂਰਨਾਮੈਂਟ ਵੀ ਕਰਵਾਏ ਗਏ, ਪਰ ਉਨ੍ਹਾਂ ਹੀਰੋਇਨਾਂ ’ਤੇ ਪੈਸਾ ਖਰਚ ਕੀਤਾ, ਜਦਕਿ ਮਾਨ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਯੋਜਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ’ਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਤ ਕਰਨ ਲਈ ਖਿਡਾਰੀਆਂ ਨੂੰ 6 ਕਰੋੜ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਦੇ ਪੰਜਾਬ ਦੇ ਸਿਤਾਰਿਆਂ ਨੂੰ ਸਨਮਾਨਤ ਵੀ ਕੀਤਾ।
ਉਹਨਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਪਹਿਲਾਂ ਸੂਬੇ ‘ਚ ਵੱਡੇ-ਵੱਡੇ ਹੋਰਡਿੰਗ ਲਗਾਏ ਜਾਂਦੇ ਸਨ ਅਤੇ ਬਿਜਲੀ ਦਾ ਲਾਭ ਸਿਰਫ ਇਕ ਵਰਗ ਨੂੰ ਹੀ ਦਿੱਤਾ ਜਾਂਦਾ ਸੀ, ਪਰ ਹੁਣ ‘ਆਪ’ ਸਰਕਾਰ ਹਰ ਵਰਗ ਨੂੰ 600 ਯੂਨਿਟ ਪ੍ਰਤੀ ਬਿੱਲ ਬਿਜਲੀ ਮੁਫਤ ਦੇ ਰਹੀ ਹੈ।
ਸੂਬੇ ਦੇ ਸਿਸਟਮ ’ਚ ਸਰਬਪੱਖੀ ਸੁਧਾਰ ਲਿਆਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਅਰੋੜਾ ਨੇ ਕਿਹਾ ਕਿ ‘ਆਪ’ ਲੋਕ-ਪੱਖੀ ਅਤੇ ਕਿਸਾਨ ਪੱਖੀ ਸਰਕਾਰ ਹੈ। ਮੁੱਖ ਮੰਤਰੀ ਮਾਨ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਪੰਜਾਬ ਵਿੱਚ ਪਿਛਲੇ ਸੱਤ ਮਹੀਨਿਆਂ ਵਿੱਚ ਕੀਤੇ ਕੰਮ ਇਸ ਦਾ ਪ੍ਰਮਾਣ ਹਨ।



