ਟੀ-20 ਵਿਸ਼ਵ ਕੱਪ ’ਚ ਦੂਜਾ ਵੱਡਾ ਉਲਟਫੇਰ

0
238

ਹੋਬਰਟ : ਸਕਾਟਲੈਂਡ ਨੇ ਟੀ-20 ਵਿਸ਼ਵ ਕੱਪ ’ਚ ਸੋਮਵਾਰ ਦੂਜਾ ਵੱਡਾ ਉਲਟਫੇਰ ਕਰਦਿਆਂ ਦੋ ਵਾਰ ਦੇ ਚੈਂਪੀਅਨ ਵੈੱਸਟ ਇੰਡੀਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਐਤਵਾਰ ਨਮੀਬੀਆ ਨੇ ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ’ਚ ਇਕ ਵਾਰ ਦੀ ਚੈਂਪੀਅਨ ਟੀਮ ਸ੍ਰੀਲੰਕਾ ਨੂੰ ਸ਼ਿਕਸਤ ਦਿੱਤੀ ਸੀ। ਸਾਲ 2012 ਤੇ 2016 ’ਚ ਚੈਂਪੀਅਨ ਰਹੀ ਕੈਰੇਬੀਅਨ ਟੀਮ ਸਕਾਟਲੈਂਡ ਵੱਲੋਂ ਦਿੱਤੇ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 118 ਦੌੜਾਂ ’ਤੇ ਆਊਟ ਹੋ ਗਈ। ਸਕਾਟਲੈਂਡ ਲਈ ਖੱਬੇ ਹੱਥ ਦੇ ਸਪਿਨਰ ਮਾਰਕ ਵਾਟ ਨੇ 12 ਦੌੜਾਂ ਦੇ ਕੇ 3 ਤੇ ਆਫ ਸਪਿਨਰ ਮਿਸ਼ੇਲ ਲੀਸਕ ਨੇ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਜੌਰਜ ਮੁਨਸੇ ਦੀਆਂ ਨਾਬਾਦ 66 ਦੌੜਾਂ ਸਦਕਾ ਸਕਾਟਲੈਂਡ ਦੀ ਟੀਮ ਨੇ ਨਿਰਧਾਰਤ 20 ਓਵਰਾਂ ’ਚ 160/5 ਦਾ ਸਕੋਰ ਬਣਾਇਆ ਸੀ। ਉਧਰ, ਬਿ੍ਰਸਬੇਨ ’ਚ ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਵਾਰਮਅੱਪ ਮੁਕਾਬਲੇ ’ਚ ਮੇਜ਼ਬਾਨ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਗਾਬਾ ਦੇ ਮੈਦਾਨ ’ਤੇ ਕੇ ਐੱਲ ਰਾਹੁਲ (33 ਗੇਂਦਾਂ ’ਤੇ 57 ਦੌੜਾਂ) ਤੇ ਸੂਰਿਆ ਕੁਮਾਰ (33 ਗੇਂਦਾਂ ’ਤੇ 50 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ਨਾਲ 186 ਦੌੜਾਂ ਬਣਾਈਆਂ ਸਨ। ਆਸਟਰੇਲੀਅਨ ਟੀਮ ਨੂੰ ਆਖਰੀ ਦੋ ਓਵਰਾਂ ’ਚ 16 ਦੌੜਾਂ ਦੀ ਲੋੜ ਸੀ ਤੇ ਉਸ ਦੀਆਂ 6 ਵਿਕਟਾਂ ਸਲਾਮਤ ਸਨ, ਪਰ ਮੁਹੰਮਦ ਸ਼ਮੀ ਵੱਲੋਂ ਕੀਤਾ ਆਖਰੀ ਓਵਰ ਫੈਸਲਕੁੰਨ ਸਾਬਤ ਹੋਇਆ। ਜੁਲਾਈ ਮਗਰੋਂ ਆਪਣਾ ਪਲੇਠਾ ਮੁਕਾਬਲਾ ਖੇਡ ਰਹੇ ਸ਼ਮੀ ਨੇ ਆਖਰੀ ਓਵਰ ’ਚ ਤਿੰਨ ਵਿਕਟਾਂ ਲਈਆਂ ਤੇ ਇਕ ਆਸਟਰੇਲੀਅਨ ਖਿਡਾਰੀ ਨੂੰ ਰਨਆਊਟ ਕੀਤਾ। ਸ਼ਮੀ ਨੂੰ ਜ਼ਖਮੀ ਜਸਪ੍ਰੀਤ ਬੁਮਰਾਹ ਦੀ ਥਾਂ ਵਿਸ਼ਵ ਕੱਪ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here