ਨਵੀਂ ਦਿੱਲੀ : ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਦਾ ਰਸਮੀ ਐਲਾਨ ਦੀਵਾਲੀ ਤੋਂ ਬਾਅਦ ਹੋਵੇਗਾ | ਸੀਟਾਂ ਦੀ ਸੰਭਾਵੀ ਵੰਡ ਬਾਰੇ ਪੁੱਛੇ ਜਾਣ ‘ਤੇ ਸੂਤਰਾਂ ਨੇ ਸੰਕੇਤ ਦਿੱਤਾ ਕਿ ਗੱਲਬਾਤ ਤਹਿਤ ਭਾਜਪਾ ਦੇ ਹਿੱਸੇ 45 ਤੋਂ 50 ਸੀਟਾਂ ਆ ਸਕਦੀਆਂ ਹਨ, ਹਾਲਾਂਕਿ ਭਾਜਪਾ ਅਧਿਕਾਰਤ ਤੌਰ ‘ਤੇ ਹਾਲੇ ਵੀ ਇਹੀ ਦਾਅਵਾ ਕਰ ਰਹੀ ਹੈ ਕਿ ਉਹ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ | ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਪਾਰਟੀਆਂ ਵਿਚਕਾਰ ਗੱਲਬਾਤ ਮੁਕੰਮਲ ਹੁੰਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪੰਜਾਬ ਦੌਰੇ ‘ਤੇ ਆ ਕੇ ਇਸ ਗੱਠਜੋੜ ਦਾ ਰਸਮੀ ਐਲਾਨ ਕਰ ਸਕਦੇ ਹਨ | ਇਹ ਚਰਚਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਐੱਨ ਡੀ ਏ’ ਦੇ ਹਵਾਲੇ ਵਿੱਚ ਅਕਾਲੀ ਦਲ ਪੁਨਰ-ਸੁਰਜੀਤ ਧੜਾ ਸ਼ਾਮਲ ਹੋ ਸਕਦਾ ਹੈ, ਪਰ ਮਾਮਲੇ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ | ਸ਼੍ਰੋਮਣੀ ਅਕਾਲੀ ਦਲ ਦਾ ਇਹ ਬਾਗੀ ਧੜਾ ਅਜੇ ਚੋਣ ਕਮਿਸ਼ਨ ਕੋਲ ਰਜਿਸਟਰਡ ਜਥੇਬੰਦੀ ਨਹੀਂ ਅਤੇ ਨਾ ਹੀ ਇਸ ਕੋਲ ਕੋਈ ਚੋਣ ਨਿਸ਼ਾਨ ਹੈ, ਇਸ ਲਈ ਇਸ ਧੜੇ ਦੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਰਨ ਲਈ ਭਾਜਪਾ ਜਾਂ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਹੀ ਲੋੜ ਪਵੇਗੀ |




