ਨਵੀਂ ਦਿੱਲੀ : ਸੋਮਵਾਰ ਦਿੱਲੀ ਪੁਲਸ ਹੈੱਡਕੁਆਰਟਰ ਦੇ ਬਾਹਰ ਪ੍ਰੋਟੈੱਸਟ ਦੀ ਅਗਵਾਈ ਕਰਨ ਵਾਲੇ ਦਿੱਲੀ ਪੁਲਸ ਦੇ ਏ ਸੀ ਪੀ ਮਨਸਵੀ ਵਸ਼ਿਸ਼ਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਸੋਮਵਾਰ ਨੂੰ ਵਸ਼ਿਸ਼ਟ ਦੀ ਅਗਵਾਈ ਵਿੱਚ ਲਗਭਗ 100 ਪੁਲਸ ਕਰਮਚਾਰੀ, ਏ ਸੀ ਪੀ ਵਸ਼ਿਸ਼ਟ ਅਤੇ ਸ਼ਾਹਦਰਾ ਦੇ ਐੱਸ ਐੱਚ ਓ ਅਰੁਣ ਕੁਮਾਰ ਦੇ ਤਬਾਦਲੇ ਨੂੰ ਲੈ ਕੇ ਤਖਤੀਆਂ ਅਤੇ ਬੈਨਰ ਫੜੇ ਹੋਏ ਕਨਾਟ ਪਲੇਸ ਸਥਿਤ ਦਿੱਲੀ ਪੁਲਸ ਹੈੱਡਕੁਆਰਟਰ ਦੇ ਗੇਟ ਨੰਬਰ 1 ਦੇ ਬਾਹਰ ਇਕੱਠੇ ਹੋਏ ਸਨ ਅਤੇ ਆਪਣੀਆਂ ਚਿੰਤਾਵਾਂ ਨੂੰ ਉਠਾਉਣ ਲਈ ਪੁਲਸ ਕਮਿਸ਼ਨਰ ਅਨੁਰਾਗ ਕੁਮਾਰ ਨਾਲ ਮੀਟਿੰਗ ਦੀ ਮੰਗ ਕੀਤੀ ਸੀ | ਉਹ ਵਕੀਲਾਂ ਦੀ ਮੰਗ ‘ਤੇ ਪੁਲਸ ਅਫਸਰਾਂ ਦੇ ਤਬਾਦਲੇ ਤੋਂ ਦੁਖੀ ਸਨ | ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਏ ਸੀ ਪੀ ਵਸ਼ਿਸ਼ਟ ਨੂੰ ਇਹ ਨਾਅਰਾ ਲਗਾਉਂਦੇ ਸੁਣਿਆ ਗਿਆ ‘ਵਰਦੀ ਕਾ ਅਪਮਾਨ ਨਹੀਂ ਸਹੇਂਗੇ |’
ਸ਼ਾਹਦਰਾ ਪੁਲਸ ਸਟੇਸ਼ਨ ਵਿਖੇ ਵਕੀਲਾਂ ਨਾਲ ਹਾਲ ਹੀ ਵਿੱਚ ਹੋਈ ਝੜਪ ਤੋਂ ਬਾਅਦ ਸ਼ਹਿਰ ਦੇ ਵਕੀਲਾਂ ਵੱਲੋਂ ਬੁਲਾਈ ਗਈ ਅਣਮਿੱਥੇ ਸਮੇਂ ਦੀ ਹੜਤਾਲ ਦੇ ਮੱਦੇਨਜ਼ਰ ਦੋਵਾਂ ਪੁਲਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ | ਨਵੀਂ ਦਿੱਲੀ ਬਾਰ ਐਸੋਸੀਏਸ਼ਨ ਦੇ ਸਕੱਤਰ ਤਰੁਣ ਰਾਣਾ ਨੇ ਅਣਮਿੱਥੇ ਸਮੇਂ ਲਈ ਹੜਤਾਲ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਸ਼ਿਸ਼ਟ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਸੀ | ਪਿਛਲੇ ਹਫਤੇ ਵਕੀਲ ਲਲਿਤ ਬਾਂਸਲ ‘ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਹੜਤਾਲ ‘ਤੇ ਗਏ ਵਕੀਲਾਂ ਨੇ ਦੋਸ਼ ਲਗਾਇਆ ਸੀ ਕਿ ਏ ਸੀ ਪੀ ਅਤੇ ਐੱਸ ਐੱਚ ਓ ਨੇ ਉਨ੍ਹਾਂ ਵਕੀਲਾਂ ਨੂੰ ਧਮਕੀਆਂ ਦਿੱਤੀਆਂ, ਜੋ ਬਾਂਸਲ ਹਮਲੇ ਦੇ ਮਾਮਲੇ ਵਿੱਚ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਲਈ ਪੁਲਸ ਸਟੇਸ਼ਨ ਗਏ ਸਨ | ਇਸੇ ਦੌਰਾਨ ਦਿੱਲੀ ਹਾਈ ਕੋਰਟ ਨੇ ਏ ਸੀ ਪੀ ਮਨਸਵੀ ਵਸ਼ਿਸ਼ਟ ਵੱਲੋਂ ਵਕੀਲਾਂ ਵਿਰੁੱਧ ਕੀਤੀਆਂ ਗਈਆਂ ਕਥਿਤ ਧਮਕੀ ਭਰੀਆਂ ਟਿੱਪਣੀਆਂ ਦਾ ਖੁਦ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਵਕੀਲਾਂ ਨੂੰ ਰਸਮੀ ਪਟੀਸ਼ਨ ਦਾਇਰ ਕਰਨ ਲਈ ਕਿਹਾ ਹੈ |


