ਸ਼ੀ ਜਿਨਪਿੰਗ ਹੋਰ ਤਾਕਤਵਰ

0
230

ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਐਤਵਾਰ ਰਿਕਾਰਡ ਤੀਜੀ ਵਾਰ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ ਪੀ ਸੀ) ਦਾ ਜਨਰਲ ਸਕੱਤਰ ਚੁਣਿਆ ਗਿਆ। ਉਨ੍ਹਾ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਪਾਰਟੀ ਦੇ ਬਾਨੀ ਮਾਓ ਜ਼ੇ-ਤੁੰਗ ਤੋਂ ਬਾਅਦ ਉਹ ਤੀਜੀ ਵਾਰ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਹਨ। ਜਿਨਪਿੰਗ (69) ਨੂੰ ਇੱਕ ਦਿਨ ਪਹਿਲਾਂ ਸੀ ਪੀ ਸੀ ਦੀ ਜਨਰਲ ਕਾਨਫਰੰਸ (ਕਾਂਗਰਸ) ’ਚ ਸ਼ਕਤੀਸ਼ਾਲੀ ਕੇਂਦਰੀ ਕਮੇਟੀ ਲਈ ਚੁਣਿਆ ਗਿਆ ਸੀ, ਭਾਵੇਂ ਕਿ ਉਹ 68 ਸਾਲ ਦੀ ਅਧਿਕਾਰਤ ਸੇਵਾਮੁਕਤੀ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ ਅਤੇ ਉਨ੍ਹਾ ਦਾ 10 ਸਾਲਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ। ਪਾਰਟੀ ਦੇ ਨੰਬਰ ਦੋ ਨੇਤਾ ਅਤੇ ਪ੍ਰਧਾਨ ਮੰਤਰੀ ਲੀ ਕਿੰਗ ਸਮੇਤ ਜ਼ਿਆਦਾਤਰ ਸੀਨੀਅਰ ਨੇਤਾ ਜਾਂ ਤਾਂ ਸੇਵਾਮੁਕਤ ਹੋ ਗਏ ਹਨ ਜਾਂ ਕੇਂਦਰੀ ਕਮੇਟੀ ਵਿਚ ਜਗ੍ਹਾ ਬਣਾਉਣ ਵਿਚ ਅਸਮਰੱਥ ਰਹੇ ਹਨ, ਜਿਸ ਨਾਲ ਚੀਨੀ ਰਾਜਨੀਤੀ ਅਤੇ ਸਰਕਾਰ ਵਿਚ ਵੱਡੀ ਉਥਲ-ਪੁਥਲ ਹੋਈ ਹੈ। ਪੰਜ ਸਾਲਾਂ ’ਚ ਇੱਕ ਵਾਰ ਹੋਣ ਵਾਲੀ ਜਨਰਲ ਕਾਨਫਰੰਸ ’ਚ 25 ਮੈਂਬਰੀ ‘ਪੋਲਿਟੀਕਲ ਬਿਊਰੋ’ ਦੀ ਚੋਣ ਹੋਈ, ਜਿਸ ਨੇ ਦੇਸ਼ ਦਾ ਰਾਜ ਚਲਾਉਣ ਲਈ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਕੀਤੀ। ਜਨਰਲ ਸਕੱਤਰ ਚੁਣੇ ਜਾਣ ਤੋਂ ਤੁਰੰਤ ਬਾਅਦ ਜਿਨਪਿੰਗ ਨਵੀਂ ਚੁਣੀ ਗਈ ਸਟੈਂਡਿੰਗ ਕਮੇਟੀ ਦੇ ਨਾਲ ਇੱਥੇ ਮੀਡੀਆ ਨੂੰ ਮੁਖਾਤਬ ਵੀ ਹੋਏ।
ਜਿਨਪਿੰਗ ਨੇ ਚੋਣ ਤੋਂ ਬਾਅਦ ਕਿਹਾਦੁਨੀਆ ਦੇ ਬਿਨਾਂ ਚੀਨ ਦਾ ਵਿਕਾਸ ਨਹੀਂ ਹੋ ਸਕਦਾ ਤੇ ਦੁਨੀਆ ਨੂੰ ਵੀ ਚੀਨ ਦੀ ਲੋੜ ਹੈ। ਚਾਲੀ ਸਾਲਾਂ ਦੇ ਅਣਥਕ ਜਤਨਾਂ ਦੇ ਬਾਅਦ ਸਾਡੀ ਆਰਥਕਤਾ ਤੇਜ਼ੀ ਨਾਲ ਵਧੀ ਹੈ ਤੇ ਦੇਸ਼ ਵਿਚ ਸਮਾਜੀ ਸਥਿਰਤਾ ਵੀ ਆਈ ਹੈ। ਅਗਲੇ ਪੰਜ ਸਾਲਾਂ ਲਈ ਅਸੀਂ ਠੋਸ ਰਣਨੀਤੀ ਤਿਆਰ ਕੀਤੀ  ਹੈ।
ਜਿਨਪਿੰਗ ਨੇ ਇਸ ਦੌਰਾਨ ਆਪਣੀ ਨਵੀਂ ਟੀਮ ਦਾ ਐਲਾਨ ਵੀ ਕੀਤਾ। ਉਨ੍ਹਾ ਸਾਰੇ ਵਿਰੋਧੀਆਂ ਨੂੰ ਹਟਾਉਦੇ ਹੋਏ ਆਪਣੇ ਭਰੋਸੇਮੰਦ ਲੋਕਾਂ ਨੂੰ ਐਂਟਰੀ ਦਿੱਤੀ ਹੈ, ਪਰ ਕਿਸੇ ਵੀ ਮਹਿਲਾ ਨੂੰ ਥਾਂ ਨਹੀਂ ਦਿੱਤੀ। 25 ਸਾਲਾਂ ਵਿਚ ਪਹਿਲੀ ਵਾਰ ਪੋਲਿਟ ਬਿਊਰੋ ਵਿਚ ਕੋਈ ਮਹਿਲਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਸੁਨ ਚੁਨਲਾਨ ਇੱਕੋ-ਇੱਕ ਮੈਂਬਰ ਸੀ, ਜਿਹੜੀ ਰਿਟਾਇਰ ਹੋ ਗਈ ਹੈ। ਲੀ ਕਿਯਾਂਗ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਜਿਨਪਿੰਗ ਨੂੰ ਵਧਾਈ ਦਿੱਤੀ ਹੈ।

LEAVE A REPLY

Please enter your comment!
Please enter your name here