ਪਾਰਟੀ ਲਈ ਅਸਹਿ ਸਦਮਾ : ਸੀ ਪੀ ਆਈ, ਗਿਆਨੀ ਜੀ ਦੇ ਯੋਗਦਾਨ ਦੇ ਰਿਣੀ ਰਹਾਂਗੇ : ਕਿਸਾਨ ਸਭਾ

0
401

ਚੰਡੀਗੜ੍ਹ : ਭਾਰਤੀ ਕਮਿਊਨਿਸਟ ਪਾਰਟੀ ਅਤੇ ਖਾਸ ਕਰਕੇ ਅਧਿਆਪਕ ਲਹਿਰ ਅਤੇ ਫਿਰ ਕਿਸਾਨ ਲਹਿਰ ਦੇ ਸਤਿਕਾਰਤ ਆਗੂ ਕਾਮਰੇਡ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਦੇ ਸਦੀਵੀ ਵਿਛੋੜੇ ਉਤੇ ਸੀ ਪੀ ਆਈ ਨੇ ਡੂੰਘਾ ਸਦਮਾ ਪ੍ਰਗਟ ਕੀਤਾ ਅਤੇ ਉਹਨਾ ਦੀ ਦੇਣ ਨੂੰ ਸਦਾ ਯਾਦ ਰਹਿਣ ਵਾਲੀ ਭੂਮਿਕਾ ਕਿਹਾ ਹੈ |
ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੌਮੀ ਕੌਂਸਲ ਮੈਂਬਰਾਂ ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਪਿ੍ਥੀਪਾਲ ਮਾੜੀਮੇਘਾ, ਅਮਰਜੀਤ ਆਸਲ, ਨਰਿੰਦਰ ਸੋਹਲ, ਗੁਲਜ਼ਾਰ ਗੋਰੀਆ, ਡਾ. ਅਰੁਣ ਮਿੱਤਰਾ, ਵਿੱਕੀ ਮਹੇਸਰੀ ਅਤੇ ਸੁਖਜਿੰਦਰ ਮਹੇਸਰੀ ਵੱਲੋਂ ਅਤੇ ਸਮੁੱਚੀ ਪਾਰਟੀ ਵੱਲੋਂ ਗਿਆਨੀ ਗੁਰਦੇਵ ਸਿੰਘ ਨੂੰ ਲਾ-ਮਿਸਾਲ, ਸਮਰਪਿਤ ਲਗਨ ਭਰਪੂਰ ਆਗੂ ਅਤੇ ਕਾਰਕੁਨ ਆਖਦਿਆਂ ਕਿਹਾ ਕਿ ਉਹਨਾ ਦਾ ਘਾਟਾ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੂਰਾ ਨਹੀਂ ਕੀਤਾ ਜਾ ਸਕਦਾ | ‘ਸਾਡਾ ਜੁਗ’ ਦੇ ਮੁੱਖ ਸੰਪਾਦਕ ਭੁਪਿੰਦਰ ਸਾਂਬਰ ਅਤੇ ਸੰਪਾਦਕ ਗੁਰਨਾਮ ਕੰਵਰ ਨੇ ਚੇਤੇ ਕੀਤਾ ਕਿ ਕਿਸ ਤਰ੍ਹਾਂ 70ਵਿਆਂ ਦੇ ਅੰਤ ਉਤੇ ਚੱਲੀ ‘ਸਾਡਾ ਜੁਗ ਗਾਹਕ ਭਰਤੀ’ ਵਿਚ ਬਲਾਕ ਨਿਹਾਲ ਸਿੰਘ ਵਾਲਾ ਨੇ ਉਹਨਾ ਦੀ ਅਗਵਾਈ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਗਿਆਨੀ ਜੀ ਬਹੁਤ ਵਧੀਆ ਲੇਖਕ ਵੀ ਸਨ, ਉਹਨਾ ਪੁਸਤਕਾਂ ਵੀ ਲਿਖੀਆਂ ਅਤੇ ਅਖਬਾਰਾਂ ਵਿਚ ਲੇਖ ਵੀ ਬਾਕਾਇਦਾ ਲਿਖਦੇ ਸਨ | ਸਾਥੀ ਸਾਂਬਰ, ਜੋ ਪੰਜਾਬ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਵੀ ਹਨ, ਨੇ ਨਾਲ ਹੀ ਉਮਰ ਦੇ ਆਖਰੀ ਦਹਾਕਿਆਂ ਵਿਚ ਗਿਆਨੀ ਜੀ ਦੇ ਕਿਸਾਨ ਲਹਿਰ ਲਈ ਅਭੁੱਲ ਕੰਮ ਨੂੰ ਚੇਤੇ ਕੀਤਾ ਅਤੇ ਕਿਹਾ ਕਿ ਕਿਸਾਨ ਲਹਿਰ ਉਹਨਾ ਦੀ ਪ੍ਰੇਰਨਾਮਈ ਮਿਸਾਲ ਅਤੇ ਸਰਗਰਮ ਕਿਸਾਨ ਆਗੂ ਤੋਂ ਵਿਰਵੀ ਹੋ ਗਈ ਹੈ | ਉਪਰੋਕਤ ਆਗੂਆਂ ਨੇ ਪਰਵਾਰ ਦਾ ਦੁੱਖ ਵੰਡਾਇਆ ਅਤੇ ਜ਼ਿਲ੍ਹਾ ਮੋਗਾ ਦੀ ਪਾਰਟੀ ਦੇ ਗਮ ਵਿਚ ਸ਼ਰੀਕ ਹੋਏ |
ਬਲਦੇਵ ਸਿੰਘ ਨਿਹਾਲਗੜ੍ਹ ਸੂਬਾ ਜਨਰਲ ਸਕੱਤਰ, ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ, ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀਵਾਲ, ਲਖਬੀਰ ਸਿੰਘ ਨਿਜ਼ਾਮਪੁਰ ਸੂਬਾ ਮੀਤ ਪ੍ਧਾਨ, ਗੁਲਜ਼ਾਰ ਸਿੰਘ ਬਸੰਤ ਕੋਟ, ਕਸ਼ਮੀਰ ਸਿੰਘ, ਗੁਰਜੀਤ ਸਿੰਘ ਫਿਰੋਜ਼ਪੁਰ, ਹਰਦਿਆਲ ਸਿੰਘ ਘਾਲੀ ਤੇ ਮੇਜਰ ਸਿੰਘ ਜਲਾਲਾਬਾਦ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਦੀ ਪੰਜਾਬ ਸੂਬਾ ਕਮੇਟੀ ਆਪਣੇ ਆਗੂ ਗਿਆਨੀ ਗੁਰਦੇਵ ਸਿੰਘ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ | ਸਾਥੀ ਵੱਲੋਂ ਸਾਰੀ ਉਮਰ ਮਿਹਨਤਕਸ਼ ਜਨਤਾ ਦੀ ਬੰਦਖਲਾਸੀ ਲਈ ਜੱਦੋ-ਜਹਿਦ ਕੀਤੀ ਗਈ | ਗਿਆਨੀ ਜੀ ਸਰਕਾਰੀ ਸਰਵਿਸ ਤੋਂ ਰਿਟਾਇਰ ਹੋ ਕਿ ਕੁੱਲ ਹਿੰਦ ਕਿਸਾਨ ਸਭਾ ਦੇ ਫਰੰਟ ‘ਤੇ ਲਗਾਤਾਰ ਸਰਗਰਮ ਰਹੇ | ਜਥੇਬੰਦੀ ਅੰਦਰ ਉਹਨਾ ਦਾ ਵਿਸ਼ੇਸ਼ ਸਥਾਨ ਸੀ | ਉਹ ਸਮੇਂ-ਸਮੇਂ ‘ਤੇ ਮਿਹਨਤਕਸ਼ ਜਨਤਾ ਦੀ ਆਵਾਜ਼ ਵਾਸਤੇ ‘ਨਵਾਂ ਜ਼ਮਾਨਾ’ ਵਿਚ ਵੀ ਲਿਖਦੇ ਰਹੇ | ਕਿਸਾਨ ਸਭਾ ਆਪਣੇ ਆਗੂ ਵੱਲੋਂ ਕਿਸਾਨ ਅੰਦੋਲਨ ਦੌਰਾਨ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਪਾਏ ਯੋਗਦਾਨ ਦੀ ਰਿਣੀ ਹੈ |

LEAVE A REPLY

Please enter your comment!
Please enter your name here