ਚੰਡੀਗੜ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਬੂਧਾਬੀ ਵਿੱਚ ਫਸੇ ਲੱਗਭੱਗ 100 ਪ੍ਰਵਾਸੀ ਪੰਜਾਬੀ ਮਜ਼ਦੂਰਾਂ ਦੀ ਸੁਰੱਖਿਅਤ ਅਤੇ ਜਲਦ ਘਰ ਵਾਪਸੀ ਲਈ ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ ਦੇ ਤੁਰੰਤ ਦਖਲ ਦੀ ਮੰਗ ਕੀਤੀ ਹੈ | ਵਿਦੇਸ਼ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਆਬੂਧਾਬੀ ਵਿੱਚ ਇੱਕ ਪ੍ਰਾਈਵੇਟ ਫਰਮ, ਸਕੁਏਅਰ ਜਨਰਲ ਕੰਟਰੈਕਟਿੰਗ ਕੰਪਨੀ ਨੇ ਉਥੇ ਕੰਮ ਕਰਦੇ ਪੰਜਾਬ ਦੇ 100 ਦੇ ਕਰੀਬ ਮੂਲ ਨਿਵਾਸੀਆਂ ਦੇ ਕੰਟ੍ਰੈਕਟ ਖਤਮ ਕਰ ਦਿੱਤੇ ਹਨ ਤੇ ਉਨ੍ਹਾਂ ਦੇ ਪਾਸਪੋਰਟ ਵਾਪਸ ਕਰਨ ਤੋਂ ਵੀ ਮਨ੍ਹਾ ਕਰ ਰਹੇ ਹਨ | ਨਤੀਜਨ ਇਹ ਪੰਜਾਬੀ ਬਿਨਾਂ ਪਾਸਪੋਰਟ ਆਬੂਧਾਬੀ ਵਿੱਚ ਫਸੇ ਹੋਏ ਹਨ | ਉਨ੍ਹਾ ਕਿਹਾ ਕਿ ਇਸ ਕਾਰਨ ਆਨਲਾਈਨ ਅਰਜ਼ੀਆਂ ਦੇਣ ਅਤੇ ਪਰਵਾਰ ਵੱਲੋਂ ਟਿਕਟਾਂ ਦੇ ਪ੍ਰਬੰਧ ਲਈ ਤਿਆਰ ਰਹਿਣ ਦੇ ਬਾਵਜੂਦ ਉਹ ਕਾਮੇ ਭਾਰਤ ਪਰਤਣ ਤੋਂ ਅਸਮਰੱਥ ਹਨ |
‘ਆਪ’ ਦੇ ਸੀਨੀਅਰ ਨੇਤਾ ਨੇ ਕੇਂਦਰੀ ਮੰਤਰੀ ਨੂੰ ਆਪਣੇ ਪੱਤਰ ਵਿੱਚ ਕਿਹਾ, Tਮੈਂ ਇਸ ਮਾਮਲੇ ਵਿੱਚ ਫੌਰੀ ਤੁਹਾਨੂੰ ਦਖਲ ਦੇਣ ਦੀ ਅਪੀਲ ਕਰਦਾ ਹਾਂ ਅਤੇ ਫਸੇ ਹੋਏ ਲੋਕਾਂ ਨਾਲ ਸੰਪਰਕ ਸਥਾਪਤ ਕਰਨ ਲਈ ਦੁਬਈ ਵਿੱਚ ਭਾਰਤੀ ਦੂਤਾਵਾਸ ਨੂੰ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕਰਦਾ ਹਾਂ |”
ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ, Tਮੈਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਯੂ ਏ ਈ ਦੇ ਆਬੂਧਾਬੀ ਵਿੱਚ ਫਸੇ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਡਾ. ਐੱਸ ਜੈਸ਼ੰਕਰ ਨੂੰ ਤੁਰੰਤ ਇਸ ਮਾਮਲੇ ‘ਚ ਦਖਲ ਦੇਣ ਦੀ ਬੇਨਤੀ ਕੀਤੀ ਹੈ | ਅਸੀਂ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ |”