ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਕਰੰਸੀ ਨੋਟਾਂ ‘ਤੇ ਮਹਾਤਮਾ ਗਾਂਧੀ ਦੀ ਫੋਟੋ ਤੋਂ ਇਲਾਵਾ ਗਣੇਸ਼ ਤੇ ਲਛਮੀ ਦੀ ਫੋਟੋ ਵੀ ਛਾਪਣ ਦੀ ਸਲਾਹ ਦੇਣ ਦੇ ਬਾਅਦ ਭਾਜਪਾ ਆਗੂ ਰਾਮ ਕਦਮ ਨੇ ਟਵਿੱਟਰ ਉੱਤੇ ‘ਅਖੰਡ ਭਾਰਤ, ਨਯਾ ਭਾਰਤ, ਮਹਾਨ ਭਾਰਤ, ਜੈ ਸ੍ਰੀਰਾਮ, ਜੈ ਮਾਤਾ ਦੀ’ ਲਿਖ ਕੇ ਫੋਟੋਸ਼ਾਪ ਰਾਹੀਂ ਬਣਾਈਆਂ ਗਈਆਂ ਚਾਰ ਫੋਟੋਆਂ ਪੋਸਟ ਕਰ ਦਿੱਤੀਆਂ, ਜਿਨ੍ਹਾਂ ਵਿਚ ਪੰਜ ਸੌ ਦੇ ਨੋਟ ‘ਤੇ ਮਹਾਤਮਾ ਗਾਂਧੀ ਦੀ ਥਾਂ ਛਤਰਪਤੀ ਸ਼ਿਵਾਜੀ ਮਹਾਰਾਜ, ਸੰਵਿਧਾਨ ਰਚੇਤਾ ਡਾ. ਅੰਬੇਡਕਰ, ਵਿਨਾਇਕ ਸਾਵਰਕਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਜੜੀਆਂ ਹੋਈਆਂ ਹਨ | ਇਕ ਹੋਰ ਭਾਜਪਾ ਆਗੂ ਨਿਤੇਸ਼ ਰਾਣੇ ਨੇ 200 ਰੁਪਏ ਦੇ ਨੋਟ ‘ਤੇ ਸ਼ਿਵਾ ਜੀ ਦੀ ਫੋਟੋ ਟਵੀਟ ਕੀਤੀ |
ਟਵੀਟ ਕਰਨ ‘ਚ ਕਾਂਗਰਸ ਆਗੂ ਵੀ ਪਿੱਛੇ ਨਹੀਂ ਰਹਿੰਦੇ | ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕੀਤਾ-ਕਰੰਸੀ ਨੋਟਾਂ ਦੀ ਨਵੀਂ ਸੀਰੀਜ਼ ‘ਤੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ ਹੋਣੀ ਚਾਹੀਦੀ? ਇੱਕ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਦੂਜੇ ਪਾਸੇ ਡਾ. ਬੀ ਆਰ ਅੰਬੇਡਕਰ ਦੀ ਤਸਵੀਰ | ਉਧਰ, ਕੇਂਦਰੀ ਸਮਾਜਕ ਨਿਆਂ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਲਛਮੀ ਅਤੇ ਗਣੇਸ਼ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਕੋਈ ਤਸਵੀਰ ਲਾਉਣੀ ਹੀ ਹੈ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਲੱਗਣੀ ਚਾਹੀਦੀ ਹੈ |