ਮਸਕਟ ‘ਚ ਫਸੇ ਨੌਜਵਾਨਾਂ ਵੱਲੋਂ ਮਾਨ ਨੂੰ ਅਪੀਲ

0
253

ਨਿਹਾਲ ਸਿੰਘ ਵਾਲਾ : ਮਸਕਟ ਗਏ ਦੋ ਦਰਜਨ ਦੇ ਕਰੀਬ ਭਾਰਤੀਆਂ ਨੂੰ ਕੰਮ ਕਰਨ ਲਈ ਵੀਜ਼ਾ ਨਾ ਹੋਣ ਕਰਕੇ ਕੰਪਨੀ ਵੱਲੋਂ ਬੰਦੀ ਬਣਾ ਕੇ ਵੀਜ਼ਾ ਫੀਸ ਲਈ ਕਥਿਤ ਤੌਰ ‘ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ | ਹਫਤੇ ਤੋਂ ਭੁੱਖਣ-ਭਾਣੇ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਦਦ ਲਈ ਅਪੀਲ ਕੀਤੀ ਹੈ | ਨੌਜਵਾਨਾਂ ਵਿੱਚੋਂ ਇਕ ਨਿਹਾਲ ਸਿੰਘ ਵਾਲਾ ਅਤੇ ਇਕ ਬਾਘਾ ਪੁਰਾਣਾ ਨਾਲ ਸੰਬੰਧਤ ਹੈ | ਉਨ੍ਹਾਂ ਨਿਹਾਲ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਰਾਜਪਾਲ ਸਿੰਘ ਨੂੰ ਵੀਡੀਓ ਰਾਹੀਂ ਸੰਬੋਧਨ ਹੋ ਕੇ ਦੱਸਿਆ ਕਿ ਉਹ ਏਜੰਟਾਂ ਨੂੰ ਪ੍ਰਤੀ ਵਿਅਕਤੀ ਸੱਠ ਤੋਂ ਨੱਬੇ ਹਜ਼ਾਰ ਰੁਪਏ ਭਰ ਕੇ ਮਸਕਟ ਗਏ ਸਨ | ਏਜੰਟਾਂ ਨੇ ਵਿਜ਼ਟਰ ਵੀਜ਼ੇ ਉਪਰ ਭੇਜ ਦਿੱਤਾ | ਕੰਪਨੀ ਵੱਲੋਂ ਵਰਕ ਪਰਮਿਟ ਨਾ ਹੋਣ ਕਰਕੇ ਨੱਬੇ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਮੰਗ ਕੀਤੀ ਜਾ ਰਹੀ ਹੈ ਅਤੇ ਹਫਤੇ ਤੋਂ ਖਾਣਾ ਵੀ ਨਹੀਂ ਦਿੱਤਾ | ਫਸੇ ਨੌਜਵਾਨਾਂ ‘ਚ ਸੁਖਵਿੰਦਰ ਸਿੰਘ ਗੁਰਦਾਸਪੁਰ, ਗੁਰਲਾਲ ਸਿੰਘ ਮਾਨਸਾ, ਜਸਕਰਨ ਸਿੰਘ ਬਾਘਾ ਪੁਰਾਣਾ ਤੇ ਜਗਦੀਪ ਸਿੰਘ ਨਿਹਾਲ ਸਿੰਘ ਵਾਲਾ ਹਨ | ਬਾਕੀ ਯੂਪੀ, ਬਿਹਾਰ ਤੇ ਹੋਰ ਰਾਜਾਂ ਤੋਂ ਹਨ | ਨੌਜਵਾਨਾਂ ਨੇ ਮਾਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਦੇਸ਼ ਵਾਪਸੀ ਯਕੀਨੀ ਬਣਾਈ ਜਾਵੇ ਤੇ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਕਰਕੇ ਪੈਸੇ ਵਾਪਸ ਕਰਵਾਏ ਜਾਣ | ਰਾਜਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਰਾਹੀਂ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਰਿਹਾਈ ਲਈ ਚਾਰਾਜੋਈ ਕੀਤੀ ਜਾ ਰਹੀ ਹੈ |

LEAVE A REPLY

Please enter your comment!
Please enter your name here