ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ‘ਚ 30 ਅਕਤੂਬਰ ਤੋਂ ਲੱਗ ਰਹੇ ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਸੰਬੰਧੀ ਪੰਡਾਲ, ਪ੍ਰਦਰਸ਼ਨੀਆਂ, ਮੁਕਾਬਲੇ ਸੰਬੰਧੀ ਮੰਚ, ਰੰਗ-ਮੰਚ ਅਤੇ ਦਰਸ਼ਕਾਂ ਲਈ ਵਿਸ਼ਾਲ ਪੰਡਾਲ ਅਤੇ ਸਜਾਵਟ ਲਈ ਚੱਲਦੀਆਂ ਜ਼ੋਰਦਾਰ ਤਿਆਰੀਆਂ ਸਿਖ਼ਰਾਂ ‘ਤੇ ਹਨ | ਗ਼ਦਰ ਪਾਰਟੀ ਦੇ ਝੰਡੇ, ਮਾਟੋ, ਬੈਨਰ, ਫਲੈਕਸਾਂ, ਜੇਤੂ ਪ੍ਰਤੀਯੋਗੀਆਂ ਲਈ ਇਨਾਮ-ਸਨਮਾਨ, ਪੁਸਤਕਾਂ ਆਦਿ ਦੀਆਂ ਵੰਨ-ਸੁਵੰਨੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਨਾਮਵਰ ਚਿੱਤਰਕਾਰ ਗੁਰਦੀਸ਼, ਗੁਰਪ੍ਰੀਤ ਆਰਟਿਸਟ ਬਠਿੰਡਾ, ਰਵਿੰਦਰ ਰਵੀ, ਇੰਦਰਜੀਤ ਮਾਨਸਾ, ਹਰਮੀਤ ਆਰਟਿਸਟ ਅੰਮਿ੍ਤਸਰ, ਇੰਦਰਜੀਤ ਜਲੰਧਰ ਦੀਆਂ ਕਲਾ ਕ੍ਰਿਤਾਂ ਪ੍ਰਦਰਸ਼ਨੀ ‘ਚ ਸਜੀਆਂ ਹੋਣਗੀਆਂ | ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਵਿਜੈ ਬੰਬੇਲੀ, ਡਾ. ਸੈਲੇਸ਼ ਅਤੇ ਗੁਰਦੀਪ ਨੇ ਸ਼ੁੱਕਰਵਾਰ ਭਾਈ ਸੰਤੋਖ ਸਿੰਘ ਕਿਰਤੀ ਲਾਇਬੇ੍ਰਰੀ ਦਾ ਵੱਡਾ ਹਾਲ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਈ ਤਿਆਰ ਕੀਤਾ | ਉਹਨਾਂ ਦੱਸਿਆ ਕਿ 30 ਅਕਤੂਬਰ ਸਵੇਰੇ 10 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ ਹਾਲ ਵਿੱਚ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਕਮੇਟੀ ਦੀ ਅਗਵਾਈ ‘ਚ ਸਾਰਾ ਕਾਫ਼ਲਾ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਵਾਲੇ ਹਾਲ ਵਿੱਚ ਜਾ ਕੇ ਉਦਘਾਟਨ ਕਰੇਗਾ | ਗ਼ਦਰੀ ਬਾਬਿਆਂ ਦੇ 31ਵੇਂ ਮੇਲੇ ਮੌਕੇ ਪਹਿਲੀ ਵਾਰ ਇਹਨਾਂ ਸੋਖ ਕਲਾਵਾਂ ਨੂੰ ਮੇਲਾ ਪ੍ਰੇਮੀਆਂ ਦੀ ਨਜ਼ਰ ਕਰਨ ਲਈ ਵਿਸ਼ੇਸ਼ ਉੱਦਮ ਕੀਤਾ ਹੈ | ਇਸ ਉਪਰੰਤ ਗਾਇਨ ਅਤੇ ਭਾਸ਼ਣ ਮੁਕਾਬਲਾ ਹੋਏਗਾ | ਅਗਲੇ ਦਿਨ 31 ਅਕਤੂਬਰ ਕੁਇਜ਼ ਅਤੇ ਪੇਂਟਿੰਗ ਮੁਕਾਬਲਾ, ਕਵੀ ਦਰਬਾਰ, ਪੀਪਲਜ਼ ਵਾਇਸ ਵੱਲੋਂ ‘ਰੱਬਾ ਹੁਣ ਕੀ ਕਰੀਏ’ ਫ਼ਿਲਮ, ਸੋਲੋ ਨਾਟਕ ਹੋਏਗਾ | ਪਹਿਲੀ ਨਵੰਬਰ ਸਵੇਰੇ 10 ਵਜੇ ਸੁਵਰਨ ਸਿੰਘ ਵਿਰਕ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ | ਸਾਰਾ ਦਿਨ ਅਤੇ ਸਾਰੀ ਰਾਤ ਨਾਟਕ, ਗੀਤ-ਸੰਗੀਤ, ਵਿਚਾਰ-ਚਰਚਾ, ਭਾਸ਼ਣ ਆਦਿ ਦੇ ਵੰਨ-ਸੁਵੰਨੇ ਰੰਗਾਂ ‘ਚ ਰੰਗਿਆ ਮੇਲਾ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗਾ | ਪ੍ਰੀਤਮ ਸਿੰਘ ਦਰਦੀ ਨੂੰ ਸਮਰਪਿਤ ਪੁਸਤਕ ਮੇਲਾ 30 ਅਕਤੂਬਰ ਤੋਂ ਤਿੰਨ ਦਿਨ ਖਿੱਚ ਦਾ ਕੇਂਦਰ ਬਣਿਆ ਰਹੇਗਾ |