ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਆਈ ਟੀ ਨਿਯਮਾਂ ‘ਚ ਸੋਧ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਲਾਇਆ | ਉਨ੍ਹਾ ਦੋਸ਼ ਲਾਇਆ ਕਿ ਸਰਕਾਰ ਨੇ ਪਹਿਲਾਂ ਟੀ ਵੀ ਨੈੱਟਵਰਕ ‘ਤੇ ਕਬਜ਼ਾ ਕਰ ਲਿਆ, ਹੁਣ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਬਜ਼ਾ ਕਰਨ ਵੱਲ ਵਧ ਰਹੀ ਹੈ | ਇਹ ਇੱਕ ਪ੍ਰਕਾਰ ਨਾਲ ਦੇਸ਼ ਦੇ ਮੀਡੀਆ ‘ਤੇ ਵਿਆਪਕ ਕਬਜ਼ਾ ਹੈ | ਦੇਖਿਆ ਜਾਵੇ ਤਾਂ ਅਸੀਂ ਇੱਕ ਜ਼ਾਬਤੇ, ਇੱਕ ਰਾਜਨੀਤਕ ਦਲ, ਇੱਕ ਸ਼ਾਸਨ ਪ੍ਰਣਾਲੀ ਅਤੇ ਕਿਸੇ ਦੇ ਪ੍ਰਤੀ ਜਵਾਬਦੇਹੀ ਨਾ ਹੋਣ ਵੱਲ ਵਧ ਰਹੇ ਹਾਂ | ਆਈ ਟੀ ਨਿਯਮਾਂ ‘ਚ ਸੋਧ ਨੂੰ ਲੈ ਕੇ ਉਨ੍ਹਾ ਕਿਹਾ—ਸਰਕਾਰ ਲਈ ਸੁਰੱਖਿਅਤ ਅਤੇ ਦੂਜਿਆਂ ਲਈ ਅਸੁਰੱਖਿਅਤ, ਇਸ ਸਰਕਾਰ ਦੀ ਹਮੇਸ਼ਾ ਤੋਂ ਇਹੀ ਨੀਤੀ ਰਹੀ ਹੈ | ਆਮ ਨਾਗਰਿਕਾਂ ਲਈ ਸੋਸ਼ਲ ਮੀਡੀਆ ਹੀ ਇੱਕ ਮੰਚ ਬਚਿਆ ਸੀ | ਹੁਣ ‘ਮਾਣਹਾਨੀਕਾਰਕ’ ਬਿਆਨ ਦੇਣ ‘ਤੇ ਲੋਕਾਂ ‘ਤੇ ਮੁਕੱਦਮਾ ਚਲਾਇਆ ਜਾਵੇਗਾ | ਉਨ੍ਹਾ ਕਿਹਾ ਸਾਨੂੰ ਸੋਸ਼ਲ ਮੀਡੀਆ ਦੀ ਤਾਕਤ ਨੂੰ ਸਮਝਣਾ ਹੋਵੇਗਾ | ਕਿਸੇ ਵੀ ਸਰਕਾਰ ਕੋਲ ਇਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਅਤੇ ਨਾ ਹੀ ਉਹ ਜਾਣਦੀ ਹੈ ਕਿ ਇਸ ਨਾਲ ਕਿੰਨਾ ਸੰਬੰਧ ਰੱਖਿਆ ਜਾਵੇ | ਸਰਕਾਰ ਨੂੰ ਇਸ ਦਾ ਇਸਤੇਮਾਲ ਜਨਤਾ ਨੂੰ ਹੋਰ ਤਾਕਤ ਦੇਣ ਵੱਲ ਕਰਨਾ ਚਾਹੀਦਾ, ਨਾ ਕਿ ਕਮਜ਼ੋਰ ਕਰਨ ਦਾ |