ਚੰਡੀਗੜ੍ਹ/ਅਹਿਮਦਾਬਾਦ : ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਲਈ ਗੁਜਰਾਤ ਦੇ ਲੋਕਾਂ ਤੋਂ ਸੁਝਾਅ ਮੰਗਣ ਲਈ ਇਕ ਨੰਬਰ -6357000360 ਅਤੇ ਈ-ਮੇਲ-aapnocm0gmail.com ਜਾਰੀ ਕੀਤੀ, ਜਿੱਥੇ ਲੋਕ 3 ਨਵੰਬਰ ਨੂੰ ਸ਼ਾਮ 5 ਵਜੇ ਤੱਕ ਐੱਸ ਐੱਮ ਐੱਸ, ਵਟਸਐਪ ਮੈਸੇਜ, ਵਾਇਸ ਮੇਲ ਅਤੇ ਈ-ਮੇਲ ਭੇਜ ਸਕਦੇ ਹਨ |
ਕੇਜਰੀਵਾਲ ਨਾਲ ਗੁਜਰਾਤ ਦੌਰੇ ‘ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਸਾਰੀ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਨੂੰ ਚੋਣ ਪ੍ਰਚਾਰ ਦੌਰਾਨ ਗੁਜਰਾਤ ਦੇ ਲੋਕਾਂ ਵੱਲੋਂ ਭਰਵਾਂ ਪਿਆਰ ਅਤੇ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਗੜ੍ਹ ਵਿੱਚ ਭਾਰੀ ਬਹੁਮਤ ਨਾਲ ਹੂੰਝਾ ਫੇਰ ਜਿੱਤ ਦਰਜ ਕਰੇਗੀ |
ਉਹਨਾ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਸਿਰਫ ਗੁਜਰਾਤ ਦੇ ਲੋਕਾਂ ਨੂੰ ਲੁੱਟਿਆ ਹੈ ਅਤੇ ਆਪਣੇ 27 ਸਾਲਾਂ ਦੇ ਕਾਰਜਕਾਲ ਵਿੱਚ ਆਮ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਅਤੇ ਪੰਜਾਬ ਦੀ ਤਰ੍ਹਾਂ ਭਿ੍ਸ਼ਟਾਚਾਰ ਖਤਮ ਕਰਕੇ ਸਿਹਤ, ਸਿੱਖਿਆ ਅਤੇ ਸਰਕਾਰੀ ਪ੍ਰਣਾਲੀ ਵਿੱਚ ਸੁਧਾਰ ਲਿਆਏਗੀ | ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਦੀ ਤਾਰੀਫ ਕਰਦਿਆਂ ਉਹਨਾ ਕਿਹਾ ਕਿ ਹੁਣ ਲੋਕ ਬੁੱਧੀਮਾਨ ਹਨ ਅਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਭਵਿੱਖ ਲਈ ਕੀ ਬਿਹਤਰ ਹੈ | ਉਹ ਬਦਲਾਅ ਚਾਹੁੰਦੇ ਹਨ ਅਤੇ ਘਰਾਂ ‘ਤੇ ਝੰਡੇ ਲਗਾ ਕੇ ਹੁਣ ਹੋਰ ਨਹੀਂ ਭਰਮਾਇਆ ਜਾ ਸਕਦਾ, ਕਿਉਂਕਿ ਇਹ ਟਵਿੱਟਰ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀ ਪੀੜ੍ਹੀ ਹੈ, ਉਹ ਆਪਣੀ ਵੋਟ ਸਮਝਦਾਰੀ ਨਾਲ ਪਾਉਣਗੇ ਅਤੇ ‘ਆਪ’ ਦੀ ਸਰਕਾਰ ਹੀ ਚੁਣਨਗੇ |
ਉਨ੍ਹਾ ਕਿਹਾ ਕਿ ਮੋਬਾਇਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਨੌਜਵਾਨ ਨੇ ਪੰਜਾਬ ‘ਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ | ਇਹ ਹੁਣ ਗੁਜਰਾਤ ਵਿੱਚ ਵੀ ਹੋਵੇਗਾ ਅਤੇ ਇਸ ਲਈ ਭਾਜਪਾ ਬੇਚੈਨ ਹੈ | ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਸੱਤਾ ‘ਚ ਲਿਆਉਣ ਦਾ ਮਨ ਬਣਾ ਲਿਆ ਹੈ | ਉਨ੍ਹਾਂ 27 ਸਾਲਾਂ ਤੱਕ ਬਹੁਤ ਦੁੱਖ ਝੱਲੇ ਹਨ | ਉਨ੍ਹਾ ਗੁਜਰਾਤ ਦੇ ਲੋਕਾਂ ਨੂੰ ਕਿਹਾ ਕਿ ਉਹ ਇਸ ਵਾਰ ‘ਆਪ’ ਨੂੰ ਮੌਕਾ ਦੇਣ ਅਤੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਤਾਉਣ ਕਿ ਪੰਜਾਬ ਅਤੇ ਦਿੱਲੀ ਦਾ ਰਿਕਾਰਡ ਵੀ ਤੋੜ ਦੇਣ |