ਕਿਸਾਨ ਮਸਲਿਆਂ ਦੇ ਹੱਲ ਲਈ ਇੱਕ ਹੋਰ ਸੰਘਰਸ਼ ਦੀ ਲੋੜ : ਟਿਕੈਤ

0
235

ਧਾਰੀਵਾਲ/ਕਾਹਨੂੰਵਾਨ (ਮਨਦੀਪ ਸਿੰਘ ਵਿੱਕੀ)-ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਦਰਭਾਨ ਦੇ ਆਸਟ੍ਰੇਲੀਆ ਰਹਿੰਦੇ ਐੱਨ ਆਰ ਆਈ ਕਿਸਾਨ ਆਗੂ ਗੁਰਮੁੱਖ ਸਿੰਘ ਚੰਦਰਭਾਨ ਵੱਲੋਂ ਸ਼ਨਿਚਰਵਾਰ ਪਿੰਡ ਚੰਦਰਭਾਨ ‘ਚ ਇੱਕ ਕਿਸਾਨ ਪੰਚਾਇਤ ਕਰਵਾਈ ਗਈ | ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਕੇਸ਼ ਟਿਕੈਤ ਸੰਯੁਕਤ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਅਤੇ ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੰਦਰਭਾਨ ਵਿੱਚ  ਪਹੁੰਚੇ | ਇਸ ਮੌਕੇ ਉਨ੍ਹਾ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਵਿਚਲੀਆਂ ਸਰਕਾਰਾਂ ਹਮੇਸ਼ਾ ਹੀ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਰਾਜ ਕਰਦੀਆਂ ਆਈਆਂ ਹਨ ਅਤੇ ਹੁਣ ਇਸੇ  ਨੀਤੀ ਉੱਪਰ ਚੱਲਦੇ ਹੋਏ ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਸੰਯੁਕਤ ਕਿਸਾਨ ਮੋਰਚੇ ਵਿੱਚ ਬਟਵਾਰਾ ਕਰਕੇ ਬਰਾਬਰ ਦਾ ਹੋਰ ਮੋਰਚਾ ਖੜ੍ਹਾ ਕਰਨ ਦੀ ਤਾਕ ਵਿੱਚ ਹੈ, ਜਿਸ ਨੂੰ ਕਿਸਾਨ ਅਤੇ  ਕਿਸਾਨ ਆਗੂ ਕੇਂਦਰ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਨੂੰ ਸਫਲ ਨਹੀਂ ਹੋਣ ਦੇਣਗੇ | ਉਨ੍ਹਾ ਕਿਹਾ ਕਿ ਕਿਸਾਨਾਂ ਨੂੰ ਅਜੇ ਤੱਕ ਐੱਮ ਅੱੈਸ ਪੀ ਨਹੀਂ ਮਿਲੀ ਹੈ | ਸਵਾਮੀਨਾਥਨ ਰਿਪੋਰਟ ਵੀ ਸਰਕਾਰ ਲਾਗੂ ਕਰਨ ਤੋਂ ਭੱਜ ਗਈ ਹੈ | ਉਨ੍ਹਾ ਕਿਹਾ ਕਿ ਸਮੁੱਚੇ ਦੇਸ਼ ਵਿੱਚ ਵੱਡੀਆਂ ਕਿਸਾਨ ਮੀਟਿੰਗਾਂ ਹੋ ਰਹੀਆਂ ਹਨ | ਛੱਬੀ ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਪੂਰੇ ਦੇਸ਼ ਵਿੱਚ ਵੱਡੀਆਂ ਮੀਟਿੰਗਾਂ ਕਰੇਗਾ | ਉਨ੍ਹਾ ਕਿਹਾ ਕਿ  ਇਕ ਵਾਰ ਫਿਰ ਤੋਂ ਦਿੱਲੀ ਵਿੱਚ ਚੱਲੇ ਕਿਸਾਨ ਸੰਘਰਸ਼ ਦੀ ਤਰ੍ਹਾਂ ਕਿਸਾਨ ਮੋਰਚਾ ਲਗਾਉਣ ਦੀ ਜ਼ਰੂਰਤ ਹੈ, ਇਸ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੀਆਂ ਬਦਨੀਤੀਆਂ ਖ਼ਿਲਾਫ਼ ਕਿਸਾਨ ਫਿਰ ਸੰਘਰਸ਼ ਕਰਨਗੇ |
ਇਸ ਇਕੱਠ ਨੂੰ ਬਲਜਿੰਦਰ ਸਿੰਘ ਮਾਨ, ਕੰਵਲਪ੍ਰੀਤ ਸਿੰਘ ਕਾਕੀ, ਜੰਗਬੀਰ ਸਿੰਘ ਚੌਹਾਨ, ਹਰਿੰਦਰ ਸਿੰਘ ਲੱਖੋਵਾਲ,  ਬਲਜਿੰਦਰ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਰੰਧਾਵਾ ਕਾਲੋਨੀ ਤੇ ਬਲਦੇਵ ਸਿੰਘ ਸੇਖਵਾਂ ਆਦਿ ਨੇ ਵੀ ਸੰਬੋਧਨ ਕੀਤਾ |

LEAVE A REPLY

Please enter your comment!
Please enter your name here