ਲੜਾਈ ਹੁਣ ਨਹੀਂ ਤਾਂ ਕਦੇ ਵੀ ਨਹੀਂ

0
253

ਨਵੀਂ ਦਿੱਲੀ, (ਗਿਆਨ ਸੈਦਪੁਰੀ)-ਭਾਰਤ ਪੱਧਰ ਦੀਆਂ ਪੰਜ ਦਲਿਤ ਅਤੇ ਮਜ਼ਦੂਰ ਜਥੇਬੰਦੀਆਂ ਦੀ ‘ਦਲਿਤਾਂ ਉੱਤੇ ਵਧ ਰਹੇ ਹਮਲਿਆਂ ਵਿਰੁੱਧ’ ਕੌਮੀ ਕਨਵੈਨਸ਼ਨ ਆਵਾਜ਼ ਵਿਹੂਣੇ ਲੋਕਾਂ ਨੂੰ ਆਵਾਜ਼ ਦੇਣ ਲਈ ਇਕੱਠੇ ਹੋ ਕੇ ਫੈਸਲਾਕੁਨ ਅੰਦੋਲਨ ਦਾ ਬਿਗਲ ਵਜਾਉਣ ਦੇ ਫੈਸਲੇ ਅਤੇ ਇਹ ਲੜਾਈ ਹੁਣ ਨਹੀਂ ਤਾਂ ਕਦੇ ਵੀ ਨਹੀਂ ਦਾ ਅਹਿਸਾਸ ਕਰਵਾਉਂਦਿਆਂ ਸਫਲਤਾਪੂਰਵਕ ਸਮਾਪਤ ਹੋਈ |
ਦਲਿਤ ਸ਼ੋਸ਼ਤ ਮੁਕਤੀ ਮੰਚ ਦੇ ਰਾਮ ਚੰਦਰ ਡੋਮੇ, ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਰਾਮ ਮੂਰਤੀ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਬੀ. ਵੈਂਕਟ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਗੁਲਜ਼ਾਰ ਸਿੰਘ ਗੋਰੀਆ, ਕੁਲ ਹਿੰਦ ਖੇਤ ਅਤੇ ਗ੍ਰਾਮੀਣ ਐਸੋਸੀਏਸ਼ਨ ਦੇ ਰਾਮ ਚੌਧਰੀ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਦੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਭਵਨ ਵਿਚ ਹੋਈ ਕਨਵੈਨਸ਼ਨ ਵਿੱਚ ਦਲਿਤ ਅਤੇ ਮਜ਼ਦੂਰ ਵਰਗ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ਨੂੰ ਗੰਭੀਰਤਾ ਨਾਲ ਪੇਸ਼ ਕਰਦੇ ਮਤਿਆਂ ‘ਤੇ ਨਿੱਠ ਕੇ ਵਿਚਾਰ-ਚਰਚਾ ਹੋਈ |
ਦਲਿਤਾਂ ਦੇ ਉੱਘੇ ਆਗੂ ਬਿਜਵਾੜਾ ਵਿਲਸਨ ਨੇ ਪ੍ਰਭਾਵਸ਼ਾਲੀ ਉਦਘਾਟਨੀ ਤਕਰੀਰ ਵਿੱਚ ਕਿਹਾ ਕਿ ਦੇਸ਼ ਦੇ ਹਾਕਮਾਂ ਦੀ ਛਾਤੀ ਕਿੰਨੇ ਇੰਚ ਦੀ ਹੈ, ਇਸ ਗੱਲ ਨਾਲ ਦੇਸ਼ ਦੇ ਲੋਕਾਂ ਦਾ ਕੋਈ ਸਰੋਕਾਰ ਨਹੀਂ, ਸਗੋਂ ਲੋਕਾਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਚਾਹੀਦੇ ਹਨ | ਬੇਰੁਜ਼ਗਾਰਾਂ ਨੂੰ ਰੁਜ਼ਗਾਰ ਚਾਹੀਦਾ ਹੈ | ਉਨ੍ਹਾ ਕਿਹਾ ਕਿ ਇਹ ਕੌੜੀ ਸਚਾਈ ਹੈ ਕਿ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਅਜੇ ਵੀ ਮੈਲਾ ਢੋਣ ਦੀ ਪ੍ਰਥਾ ਜਾਰੀ ਹੈ | ਪ੍ਰਧਾਨ ਮੰਤਰੀ ਇਸ ਬਾਰੇ ਕਦੇ ਮੂੰਹ ਨਹੀਂ ਖੋਲ੍ਹਦੇ | ਆਲ ਇੰਡੀਆ ਡੈਮੋਕ੍ਰੇਟਿਕ ਵੋਮੈਨਜ਼ ਐਸੋਸੀਏਸਨ ਦੀ ਪ੍ਰਧਾਨ ਸਾਬਕਾ ਮੈਂਬਰ ਲੋਕ ਸਭਾ ਅਤੇ ਦਲਿਤ ਸ਼ੋਸ਼ਤ ਮੁਕਤੀ ਮੰਚ ਦੀ ਆਗੂ ਸੁਭਾਸਨੀ ਅਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2014 ਤੋਂ ਬਾਅਦ ਦਲਿਤਾਂ ਦੀ ਪੀੜ ਵਧੀ ਹੈ | ਪਿਛਲੇ ਅੱਠ ਸਾਲਾਂ ਤੋਂ ਦਲਿਤਾਂ ਦੇ ਸਨਮਾਨ ਨੂੰ ਮਧੋਲਿਆ ਗਿਆ ਹੈ ਅਤੇ ਆਰਥਕ ਹਮਲਿਆਂ ਵਿੱਚ ਵਾਧਾ ਹੋਇਆ ਹੈ | ਦਲਿਤ ਵਰਗ ‘ਤੇ ਹੋ ਰਹੇ ਅੱਤਿਆਚਾਰਾਂ ਦਾ ਵੱਧ ਸ਼ਿਕਾਰ ਦਲਿਤ ਬੱਚੀਆਂ ਤੇ ਔਰਤਾਂ ਹੋਈਆਂ ਹਨ | ਭਾਜਪਾ ਵੱਲੋਂ ਪਸਮਾਂਦਾ ਮੁਸਲਮਾਨਾਂ ਅਤੇ ਵਾਲਮੀਕ ਭਾਈਚਾਰੇ ਲਈ ਅਖੌਤੀ ਹਮਦਰਦੀ ਲਈ ਕੀਤੇ ਜਾ ਰਹੇ ਸਮਾਗਮ ਦੇ ਸਬੱਬ ਨਾਲ ਉਨ੍ਹਾਂ ਦੇ ਮਸਲਿਆਂ ਵਿੱਚ ਬੇਲੋੜੀ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ | ਉਨ੍ਹਾ ਕਿਹਾ ਕਿ ਆਰ ਐੱਸ ਐੱਸ ਅਤੇ ਭਾਜਪਾ ਵਾਲੇ ਆਪਣੇ ਏਜੰਡੇ ‘ਤੇ ਹਿੰਦੂ ਏਕਤਾ ਦਾ ਸ਼ੋਰ ਤਾਂ ਪਾਉਂਦੇ ਹਨ, ਪਰ ਸਮਾਨਤਾ ਨੂੰ ਦਰਕਿਨਾਰ ਕਰਦੇ ਹਨ | ਸਿੱਖਿਆ ਸੰਸਥਾਵਾਂ ਵਿੱਚ ਦਲਿਤ ਵਿਦਿਆਰਥੀਆਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕੀਤਾ ਜਾ ਰਿਹਾ ਹੈ | ਰੋਹਿਤ ਵੇਮੁੱਲਾ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਲਗਾਤਾਰ ਜਾਰੀ ਹੈ | ਸੈਂਟਰ ਫਾਰ ਦਲਿਤ ਸਟੱਡੀਜ਼ ਦੇ ਆਗੂ ਮਲੱਈਪਲੀ ਲਕਸਮਈਆ ਨੇ ਕਿਹਾ ਕਿ ਇਸ ਮੁਲਕ ਵਿੱਚ ਧਨ-ਕੁਬੇਰਾਂ ਅਤੇ ਜ਼ਮੀਨ-ਜਾਇਦਾਦ ਵਾਲਿਆਂ ਨੂੰ ਦੇਵਤਿਆਂ ਵਜੋਂ ਅਤੇ ਗਰੀਬਾਂ ਨੂੰ ਰਾਕਸ਼ਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ | ਜਿਸ ਖਿੱਤੇ ਵਿੱਚ ਕਮਿਊਨਿਸਟ ਸੱਤਾਧਾਰੀ ਜਾਂ ਵਧ ਸਰਗਰਮ ਹਨ, ਉੱਥੇ ਦਲਿਤ ਜਾਂ ਗਰੀਬਾਂ ‘ਤੇ ਅੱਤਿਆਚਾਰਾਂ ਦੀ ਦਰ ਬਹੁਤ ਘੱਟ ਹੈ | ਲਕਸਮਈਆ ਨੇ ਇਸ ਸੰਬੰਧ ਵਿੱਚ ਕੇਰਲਾ ਦੀ ਮਿਸਾਲ ਦਿੱਤੀ | ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਤਨ ਲਾਲ ਨੇ ਸੰਘਰਸ਼ ਤੇਜ਼ ਕਰਨ ਲਈ ਰਾਮ ਮਨੋਹਰ ਲੋਹੀਆ ਦੇ ਕਥਨ, ‘ਜਦੋਂ ਸੜਕਾਂ ਸੁੰਨਸਾਨ ਹੋ ਜਾਣਗੀਆਂ ਤਾਂ ਸੰਸਦ ਅਵਾਰਾ ਹੋ ਜਾਵੇਗੀ’ ਦਾ ਹਵਾਲਾ ਦਿੱਤਾ | ਆਲ ਇੰਡੀਆ ਪਸਮਾਂਦਾ ਮੁਸਲਿਮ ਮੁਹਾਜ਼ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਲੀ ਅਨਵਰ ਅੰਸਾਰੀ ਨੇ ਕਿਹਾ ਕਿ ਮੌਜੂਦਾ ਸਮਿਆਂ ਅੰਦਰ ਹਰ ਪਾਸੇ ਜ਼ਹਿਰਾਂ ਪਸਰੀਆਂ ਹੋਈਆਂ ਹਨ | ਵਾਤਾਵਰਨਕ ਹਵਾ, ਸਿਆਸੀ ਹਵਾ ਅਤੇ ਆਰਥਕ ਹਵਾ ਵਿੱਚ ਜ਼ਹਿਰਾਂ ਦਾ ਪਸਾਰਾ ਲਗਾਤਾਰ ਜਾਰੀ ਹੈ | ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਦਲਿਤਾਂ ਸਮਾਜ ‘ਤੇ ਅੱਤਿਆਚਾਰ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਦੇ ਨਾਲ ਹੀ ਲੋਕਾਂ ਅੰਦਰ ਵੀ ਗੁੱਸੇ ਦੀ ਲਹਿਰ ਹੈ, ਇਸ ਲਈ ਅੱਤਿਆਚਾਰ ਜ਼ਿਆਦਾ ਸਮਾਂ ਨਹੀਂ ਚੱਲ ਸਕੇਗਾ | ਕੌਮੀ ਕਨਵੈਨਸ਼ਨ ਦੇ ਹਵਾਲੇ ਨਾਲ ਗੋਰੀਆ ਨੇ ਕਿਹਾ ਕਿ ਆਵਾਜ਼ ਵਿਹੂਣੇ ਲੋਕਾਂ ਨੂੰ ਆਵਾਜ਼ ਦੇਣ ਲਈ ਅਜਿਹੀਆਂ ਕੋਸ਼ਿਸ਼ਾਂ ਜਾਰੀ ਹਨ | ਉਨ੍ਹਾ ਕਿਹਾ ਕਿ ਇਹ ਵਕਤ ਲੜਾਈ ਦਾ ਹੈ | ਲੜਾਈ ਹੁਣ ਨਹੀਂ ਤਾਂ ਫਿਰ ਕਦੇ ਨਹੀਂ ਵਰਗੀ ਸਥਿਤੀ ਬਣੀ ਹੋਈ ਹੈ |
ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ ਦੇ ਸਕੱਤਰ ਵਿਕਰਮ ਸਿੰਘ ਨੇ ਕਿਹਾ ਕਿ ਅਸੀਂ ਸਰਕਾਰਾਂ ਕੋਲੋਂ ਕੋਈ ਦਇਆ ਜਾਂ ਭੀਖ ਨਹੀਂ ਮੰਗਦੇ, ਅਸੀਂ ਤਾਂ ਨਾਗਰਿਕ ਹੋਣ ਦੇ ਨਾਤੇ ਆਪਣੇ ਹੱਕ ਲੈਣੇ ਹਨ | ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ ਨੇ ਕਿਹਾ ਕਿ ਮੌਜੂਦਾ ਹਾਕਮ ਦੇਸ਼ ਅੰਦਰ ਮਨੂੰਵਾਦੀ ਵਿਵਸਥਾ ਨੂੰ ਪੱਕਾ ਕਰਨ ਵਿੱਚ ਲੱਗੇ ਹੋਏ ਹਨ | ਉਨ੍ਹਾਂ ਮਨੂੰਵਾਦੀ ਸੋਚ ਦੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ | ਇਸੇ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਕਿ੍ਸ਼ਨ ਚੌਹਾਨ ਨੇ ਵੀ ਕੀਤਾ | ਕਨਵੈਨਸ਼ਨ ਨੂੰ ਕੇਰਲਾ ਸਰਕਾਰ ਦੇ ਮੰਤਰੀ ਰਾਧਾ ਕਿ੍ਸ਼ਨੜ, ਕਾਮਰੇਡ ਬੀ ਵੈਂਕਟ ਅਤੇ ਭਗਵੰਤ ਸਮਾਓ ਨੇ ਵੀ ਸੰਬੋਧਨ ਕੀਤਾ | ਕਨਵੈਨਸ਼ਨ ਵਿੱਚ ਸੀ ਪੀ ਐੱਮ ਦੀ ਆਗੂ ਵਰਿੰਦਾ ਕਰਤ ਉਚੇਚੇ ਤੌਰ ‘ਤੇ ਸ਼ਾਮਲ ਹੋਏ |

LEAVE A REPLY

Please enter your comment!
Please enter your name here