ਡੇਰਾ ਬੱਸੀ, (ਸੁਧੀਰ ਮਿੱਡਾ)-ਸਥਾਨਕ ਸ਼ਿਵਪੁਰੀ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਸੋਈ ਗੈਸ ਸਿਲੰਡਰ ਦੀ ਲੀਕੇਜ ਦੌਰਾਨ ਅੱਗ ਲੱਗਣ ਕਾਰਨ 2 ਮਾਸੂਮ ਬੱਚੇ, ਉਹਨਾਂ ਦੀ ਮਾਂ ਸਮੇਤ 5 ਵਿਅਕਤੀ ਝੁਲਸ ਗਏ, ਜਿਨ੍ਹਾਂ ਨੂੰ ਡੇਰਾ ਬੱਸੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਗਰਭਵਤੀ ਰਜਨੀ ਨੂੰ ਚੰਡੀਗੜ੍ਹ ਸੈਕਟਰ 32 ਰੈਫਰ ਕਰ ਦਿੱਤਾ ਗਿਆ | ਸ਼ਿਵਪੁਰੀ ਕਾਲੋਨੀ ‘ਚ ਰੁਪਿੰਦਰ ਗੈਸ ਏਜੰਸੀ ‘ਚ ਕੰਮ ਕਰਨ ਵਾਲਾ ਅਨਿਲ ਕੁਮਾਰ 2 ਪਰਵਾਰਾਂ ਸਮੇਤ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ | ਸ਼ਨੀਵਾਰ ਰਾਤ ਸਾਢੇ 9 ਵਜੇ ਦੇ ਕਰੀਬ ਇਹ ਘਟਨਾ ਵਾਪਰੀ | ਅਨਿਲ ਅਨੁਸਾਰ ਰਸੋਈ ‘ਚ ਰੱਖੇ ਗੈਸ ਸਿਲੰਡਰ ਦੇ ਰੈਗੂਲੇਟਰ ਨਾਲ ਸ਼ਾਇਦ ਬੱਚਿਆਂ ਨੇ ਛੇੜਛਾੜ ਕੀਤੀ ਸੀ | ਜਿਵੇਂ ਹੀ ਉਸ ਦੀ ਪਤਨੀ ਰਜਨੀ ਨੇ ਗੈਸ ਚੁੱਲ੍ਹੇ ਨੂੰ ਅੱਗ ਦਿੱਤੀ ਤਾਂ ਅਚਾਨਕ ਰਸੋਈ ਸਮੇਤ ਕਮਰਿਆਂ ਵਿਚ ਜ਼ੋਰਦਾਰ ਧਮਾਕੇ ਨਾਲ ਅੱਗ ਫੈਲ ਗਈ, ਜਿਸ ਵਿਚ ਅਨਿਲ ਕੁਮਾਰ, ਉਸ ਦੀ ਪਤਨੀ ਰਜਨੀ ਅਤੇ ਉਨ੍ਹਾਂ ਦੇ ਨਾਲ ਰਹਿ ਰਹੇ ਪਰਵਾਰ ‘ਚ ਮਨੋਜ ਕੁਮਾਰ ਦੀ ਢਾਈ ਸਾਲ ਦੀ ਬੇਟੀ ਕਾਵਿਆ ਝੁਲਸ ਗਈ, ਜਦੋਂ ਕਿ ਪਰਵਾਰ ‘ਚ ਢਾਈ ਸਾਲ ਦੀ ਬੇਟੀ ਅਵਨੀ ਅਤੇ ਅਵਨੀ ਦੀ ਮਾਂ ਲੀਲੂ ਵੀ ਝੁਲਸ ਗਈਆਂ | ਕੁਝ ਹੀ ਸਮੇਂ ‘ਚ ਪਰਵਾਰ ਨੇ ਖੁਦ ਹੀ ਅੱਗ ‘ਤੇ ਕਾਬੂ ਪਾਇਆ |





