ਲੋਕਤੰਤਰੀ ਵਿਵਸਥਾ ਦਾ ਅਧਾਰ ਨਿਰਪੱਖ ਚੋਣ ਕਮਿਸ਼ਨ ਉੱਤੇ ਟਿਕਿਆ ਹੁੰਦਾ ਹੈ | ਕੇਂਦਰ ਵਿੱਚ ਮੋਦੀ ਹਕੂਮਤ ਦੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਦੀ ਨਿਰਪੱਖਤਾ ਕਮਜ਼ੋਰ ਹੋਈ ਹੈ | ਉਸ ਦਾ ਹਰ ਫੈਸਲਾ ਸੱਤਾਧਾਰੀਆਂ ਨੂੰ ਲਾਭ ਪੁਚਾਉਣ ਵਾਲਾ ਹੁੰਦਾ ਹੈ | ਪਿਛਲੀ ਵਾਰ ਵਾਂਗ ਇਸ ਵਾਰ ਫਿਰ ਚੋਣ ਕਮਿਸ਼ਨ ਨੇ ਹਿਮਾਚਲ ਵਿਧਾਨ ਸਭਾ ਨਾਲ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਨਹੀਂ ਕੀਤਾ | ਹਾਲਾਂਕਿ ਦੋਹਾਂ ਹੀ ਰਾਜਾਂ ਦੀਆਂ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਇੱਕੋ ਦਿਨ ਹੋਣੀ ਹੈ, ਪਰ ਗੁਜਰਾਤ ਚੋਣਾਂ ਦਾ ਐਲਾਨ 20 ਦਿਨ ਇਸ ਲਈ ਲਟਕਾਈ ਰੱਖਿਆ ਤਾਂ ਜੋ ਭਾਜਪਾ ਵੋਟਰਾਂ ਨੂੰ ਰਿਓੜੀਆਂ ਵੰਡ ਸਕੇ | ਇਸ ਮਿਲੇ ਸਮੇਂ ਦਾ ਭਾਜਪਾ ਨੇ ਪੂਰਾ ਲਾਭ ਲਿਆ ਹੈ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਦਿਨ ਗੁਜਰਾਤ ਵਿੱਚ ਗੁਜ਼ਾਰ ਕੇ ਹਜ਼ਾਰਾਂ ਕਰੋੜ ਦੀਆਂ ਵਿਕਾਸ ਯੋਜਨਾਵਾਂ ਦੇ ਉਦਘਾਟਨ ਕੀਤੇ | ਜੇਕਰ ਸਿਲਸਿਲੇਵਾਰ ਦੇਖਿਆ ਜਾਵੇ ਤਾਂ 17 ਅਕਤੂਬਰ ਨੂੰ ਗੁਜਰਾਤ ਸਰਕਾਰ ਨੇ ਪੀ ਐੱਨ ਜੀ ਤੇ ਸੀ ਐੱਨ ਜੀ ਗੈਸਾਂ ਉੱਤੇ ਲਾਏ ਗਏ ਵੈਟ ਵਿੱਚ 10 ਫੀਸਦੀ ਕਟੌਤੀ ਕੀਤੀ ਤੇ ਉਜਵਲਾ ਯੋਜਨਾ ਅਧੀਨ ਆਉਣ ਵਾਲੇ 38 ਲੱਖ ਲੋਕਾਂ ਨੂੰ ਦੋ ਮੁਫ਼ਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ | ਇਸ ਦੇ ਨਾਲ ਜੰਗਲਾਤ ਮਹਿਕਮੇ ਵਿੱਚ ਖਾਲੀ ਪਈਆਂ 823 ਅਸਾਮੀਆਂ ਨੂੰ ਭਰਨ ਦਾ ਐਲਾਨ ਕੀਤਾ ਗਿਆ | ਦੀਵਾਲੀ ਤੋਂ ਪਹਿਲਾਂ 18 ਅਕਤੂਬਰ ਨੂੰ ਐਲਾਨ ਕੀਤਾ ਗਿਆ ਕਿ ਰਾਜ ਸਰਕਾਰ ਕੌਮੀ ਖ਼ੁਰਾਕ ਸੁਰੱਖਿਆ ਅਧੀਨ ਆਉਂਦੇ 71 ਲੱਖ ਕਾਰਡ ਹੋਲਡਰਾਂ ਨੂੰ 1 ਕਿਲੋ ਖੰਡ ਤੇ 1 ਲਿਟਰ ਤੇਲ ਵਾਧੂ ਦੇਵੇਗੀ |
20 ਅਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਗਾਂਧੀ ਨਗਰ ਵਿੱਚ ਡਿਫੈਂਸ ਐਕਸਪੋ ਤੇ ਮਿਸ਼ਨ ਸਕੂਲ ਆਫ਼ ਐਕਸੀਲੈਂਸ ਦਾ ਉਦਘਾਟਨ ਕੀਤਾ | ਜੂਨਾਗੜ੍ਹ ਵਿੱਚ ਉਨ੍ਹਾ 4155 ਕਰੋੜ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ | ਅਗਲੇ ਦਿਨ 21 ਅਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਕੇਵੜੀਆ ਵਿੱਚ ਜਨਤਕ ਪ੍ਰੋਗਰਾਮਾਂ ਵਿੱਚ ਭਾਗ ਲਿਆ ਅਤੇ 2192 ਕਰੋੜ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ | ਇਸ ਮੌਕੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਐਲਾਨ ਕੀਤਾ ਕਿ ਤਾਪੀ ਤੇ ਉਕਾਈ ਬੰਨ੍ਹ ਤੋਂ ਪ੍ਰਭਾਵਤ 16000 ਕਿਸਾਨਾਂ ਨੂੰ ਦਿੱਤੀ ਗਈ 18000 ਏਕੜ ਜ਼ਮੀਨ ਦਾ ਬਿਨਾਂ ਕਿਸੇ ਦੇਣਦਾਰੀ ਦੇ ਅਗਲੇ ਕਾਰਜਕਾਲ ਲਈ ਨਵੀਨੀਕਰਨ ਕਰ ਦਿੱਤਾ ਜਾਵੇਗਾ | ਇਸ ਮੌਕੇ ਸੰਗਠਿਤ ਮਜ਼ਦੂਰਾਂ ਲਈ ਮੁਫ਼ਤ ਸਿਹਤ ਜਾਂਚ ਦੀ ਯੋਜਨਾ ਤੇ ਮਸ਼ੀਨੀ ਬੇੜੀਆਂ ਵਾਲੇ ਮਛਿਆਰਿਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਨੂੰ ਦੁਗਣਾ ਕਰਨ ਦਾ ਐਲਾਨ ਕੀਤਾ ਗਿਆ | ਮੁੱਖ ਮੰਤਰੀ ਪਟੇਲ ਵੱਲੋਂ 28 ਅਕਤੂਬਰ ਨੂੰ 8 ਲੱਖ ਕਿਸਾਨਾਂ ਲਈ 630 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ | 29 ਅਕਤੂਬਰ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਕੀਤੇ ਫੈਸਲੇ ਮਗਰੋਂ ਪੰਚਾਇਤ ਤੇ ਪੁਲਸ ਮਹਿਕਮੇ ਵਿੱਚ 13000 ਰੰਗਰੂਟਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ | ਇਸ ਦੇ ਨਾਲ ਹੀ ਸੋਇਆਬੀਨ, ਮੂੰਗਫਲੀ, ਮੂੰਗੀ ਤੇ ਅਰਹਰ ਦੀ ਸਮਰਥਨ ਮੁੱਲ ਉੱਤੇ ਖਰੀਦ ਸ਼ੁਰੂ ਕੀਤੀ ਗਈ | 30 ਅਕਤੂਬਰ ਤੋਂ 1 ਨਵੰਬਰ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਦਿਨਾ ਦੌਰੇ ਦੌਰਾਨ ਪਹਿਲੇ ਦਿਨ ਟਾਟਾ ਏਅਰ ਬੱਸ ਕਾਰਖਾਨੇ ਦਾ ਨੀਂਹ ਪੱਥਰ ਰੱਖਿਆ | 31 ਅਕਤੂਬਰ ਨੂੰ ਉਨ੍ਹਾ ਬਨਾਸਕਾਂਠਾ ਜ਼ਿਲ੍ਹੇ ਤੇ ਅਹਿਮਦਾਬਾਦ ਦੇ ਅਸਰਵਾ ਵਿੱਚ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ | ਇਸੇ ਤਰ੍ਹਾਂ 1 ਨਵੰਬਰ ਨੂੰ ਉਨ੍ਹਾ ਪੰਚ ਮਹਿਲ ਜ਼ਿਲ੍ਹੇ ਦੇ ਜੰਬੂ ਘੋੜਾ ਵਿਚੇ 885 ਕਰੋੜ ਦੀ ਯੋਜਨਾ ਦਾ ਉਦਘਾਟਨ ਕੀਤਾ | ਇਸੇ ਦੌਰਾਨ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਹੋਮ ਗਾਰਡਾਂ ਦਾ ਮਾਣ ਭੱਤਾ 300 ਤੋਂ ਵਧਾ ਕੇ 450 ਰੁਪਏ ਕਰਨ ਦਾ ਐਲਾਨ ਕੀਤਾ |
ਅਸਲ ਵਿੱਚ ਇਸ ਸਮੇਂ ਭਾਜਪਾ ਗੁਜਰਾਤ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ | ਮੋਰਬੀ ਦੇ ਕੇਬਲ ਪੁਲ ਹਾਦਸੇ ਨੇ ਮੋਦੀ ਵੱਲੋਂ ਥਾਂ-ਥਾਂ ਐਲਾਨੇ ਜਾਂਦੇ ਗੁਜਰਾਤ ਵਿਕਾਸ ਮਾਡਲ ਦਾ ਹੀਜ-ਪਿਆਜ਼ ਨੰਗਾ ਕਰ ਦਿੱਤਾ ਹੈ | ਭਿ੍ਸ਼ਟਾਚਾਰ ਦੀ ਹਾਲਤ ਇਹ ਹੈ ਕਿ ਮੋਰਬੀ ਕੇਬਲ ਪੁਲ ਦੀ ਰਿਪੇਅਰ ਲਈ ਹੋਏ 2 ਕਰੋੜ ਦੇ ਠੇਕੇ ਵਿੱਚੋਂ ਸਿਰਫ਼ 12 ਲੱਖ ਰੁਪਏ ਨਾਲ ਲਿਪਾਪੋਚੀ ਕਰ ਦਿੱਤੀ ਗਈ ਤੇ ਬਾਕੀ ਰਕਮ ਦੀਆਂ ਵੰਡੀਆਂ ਪਾ ਲਈਆਂ ਗਈਆਂ ਸਨ | ਭਾਜਪਾ ਗੁਜਰਾਤ ਵਿੱਚ 27 ਸਾਲਾਂ ਤੋਂ ਰਾਜ ਕਰ ਰਹੀ ਹੈ | ਇਨ੍ਹਾਂ ਸਾਲਾਂ ਦੌਰਾਨ ਗੁਜਰਾਤ ਨੂੰ ਕਿੰਨਾ ਲੁੱਟਿਆ ਗਿਆ, ਚੋਣਾਂ ਵਿੱਚ ਇਸ ਦਾ ਹਿਸਾਬ ਦੇਣਾ ਪਵੇਗਾ | ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਹਾਰਦੀ-ਹਾਰਦੀ ਬਚੀ ਸੀ | ਮੋਦੀ ਇਹ ਜਾਣਦਾ ਹੈ ਕਿ ਗੁਜਰਾਤ ਹਾਰਨ ਦਾ ਮਤਲਬ ਉਸ ਹੇਠਲੀ ਕੁਰਸੀ ਦਾ ਖਿਸਕਣਾ ਵੀ ਹੋ ਸਕਦਾ ਹੈ | ਇਸ ਲਈ ਚੋਣ ਕਮਿਸ਼ਨ ਦੀ ਕ੍ਰਿਪਾ ਜ਼ਰੂਰੀ ਸੀ, ਜੋ ਉਸ ਨੇ ਕਰ ਦਿੱਤੀ ਹੈ |





