ਨਵੀਂ ਦਿੱਲੀ : 7 ਅਸੰਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿਚ ਐਤਵਾਰ ਭਾਜਪਾ 4 ਜਿੱਤਣ ਵਿਚ ਸਫਲ ਰਹੀ, ਜਦਕਿ ਰਾਜਦ, ਊਧਵ ਠਾਕਰੇ ਦੀ ਪਾਰਟੀ ਤੇ ਤਿਲੰਗਾਨਾ ਰਾਸ਼ਟਰ ਸਮਿਤੀ ਨੇ ਇੱਕ-ਇਕ ਸੀਟਾਂ ਜਿੱਤੀਆਂ | ਭਾਜਪਾ ਨੇ ਓਡੀਸ਼ਾ ਦੀ ਧਾਮਨਗਰ ਸੀਟ 9881 ਵੋਟਾਂ ਨਾਲ ਜਿੱਤ ਕੇ ਹੈਰਾਨ ਕੀਤਾ | ਉਥੇ ਇਸ ਦੇ ਉਮੀਦਵਾਰ ਸੂਰੀਆਬੰਸ਼ੀ ਸੁਰਾਜ ਨੇ 80,351 ਵੋਟਾਂ ਹਾਸਲ ਕੀਤੀਆਂ, ਜਦਕਿ ਬੀਜੂ ਜਨਤਾ ਦਲ ਦੇ ਅੰਬਾਤੀ ਦਾਸ ਨੂੰ 70,470 ਵੋਟਾਂ ਮਿਲੀਆਂ |
ਹਰਿਆਣਾ ਦੇ ਆਦਮਪੁਰ ਹਲਕੇ ਵਿਚ ਭਾਜਪਾ ਦੇ ਭਵਯ ਬਿਸ਼ਨੋਈ ਨੇ ਕਾਂਗਰਸ ਦੇ ਜੈਪ੍ਰਕਾਸ਼ ਖਿਲਾਫ 16,606 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ | ਉਹ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੋਤੇ ਹਨ | ਇਹ ਸੀਟ ਉਨ੍ਹਾ ਦੇ ਪਿਤਾ ਕੁਲਦੀਪ ਬਿਸ਼ਨੋਈ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਖਾਲੀ ਹੋਈ ਸੀ | ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੋਰਦਾਰ ਪ੍ਰਚਾਰ ਕਰਨ ਦੇ ਬਾਵਜੂਦ ਪਾਰਟੀ ਉਮੀਦਵਾਰ ਸਤਿੰਦਰ ਸਿੰਘ 3413 ਵੋਟਾਂ ਹੀ ਹਾਸਲ ਕਰ ਸਕਿਆ ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ | ਆਦਮਪੁਰ ਸੀਟ ‘ਤੇ ਭਜਨ ਲਾਲ ਪਰਵਾਰ ਦਾ 1968 ਤੋਂ ਕਬਜ਼ਾ ਹੈ | ਭਜਨ ਲਾਲ 9 ਵਾਰ, ਉਨ੍ਹਾ ਦੀ ਪਤਨੀ ਜਸਮਾ ਦੇਵੀ ਇਕ ਵਾਰ ਤੇ ਬੇਟੇ ਕੁਲਦੀਪ ਬਿਸ਼ਨੋਈ ਚਾਰ ਵਾਰ ਜਿੱਤੇ |
ਕਾਂਗਰਸ ਸਾਂਸਦ ਦਪਿੰਦਰ ਹੁੱਡਾ ਨੇ ਕਿਹਾ ਹੈ ਕਿ ਪਾਰਟੀ ਦੀ ਕਾਰਗੁਜ਼ਾਰੀ ਮਾਣ ਕਰਨ ਵਾਲੀ ਰਹੀ ਹੈ | 2019 ਵਿਚ ਕੁਲਦੀਪ ਬਿਸ਼ਨੋਈ ਕਾਂਗਰਸ ਦੀ ਟਿਕਟ ‘ਤੇ ਕਰੀਬ 30 ਹਜ਼ਾਰ ਵੋਟਾਂ ਨਾਲ ਜਿੱਤੇ ਸਨ | ਇਸ ਵਾਰ ਉਨ੍ਹਾ ਦੇ ਪੁੱਤਰ ਭਾਜਪਾ ਦੀ ਟਿਕਟ ‘ਤੇ ਲੜੇ ਅਤੇ ਜਨਨਾਇਕ ਜਨਤਾ ਪਾਰਟੀ ਨੇ ਵੀ ਹਮਾਇਤ ਕੀਤੀ, ਪਰ ਜਿੱਤ ਦਾ ਫਰਕ ਅੱਧਾ ਰਹਿ ਗਿਆ | 2014 ਵਿਚ ਕਾਂਗਰਸ ਨੂੰ 10 ਹਜ਼ਾਰ ਵੋਟਾਂ ਮਿਲੀਆਂ ਸਨ, ਜਦੋਂ ਕੁਲਦੀਪ ਬਿਸ਼ਨੋਈ ਹਰਿਆਣਾ ਜਨਹਿਤ ਕਾਂਗਰਸ ਦੀ ਟਿਕਟ ‘ਤੇ ਜਿੱਤੇ ਸਨ | ਹੁਣ ਕਾਂਗਰਸ ਉਮੀਦਵਾਰ ਜੈ ਪ੍ਰਕਾਸ਼ ਨੂੰ 51 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ | ਕੁਲਦੀਪ ਨੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਭੱਵਯ 30 ਹਜ਼ਾਰ ਤੋਂ ਇੱਕ ਵੋਟ ਘੱਟ ਨਾਲ ਜਿੱਤੇ ਤਾਂ ਉਹ ਉਸ ਨੂੰ ਜਿੱਤ ਨਹੀਂ ਮੰਨਣਗੇ | ਇਸ ਵਾਰ ਬਿਸ਼ਨੋਈ ਪਰਵਾਰ ਕਾਂਗਰਸ ਨਾਲ ਨਾ ਹੋਣ ਦੇ ਬਾਵਜੂਦ ਕਾਂਗਰਸ ਦੀਆਂ ਵੋਟਾਂ ਵਿਚ ਚੋਖਾ ਵਾਧਾ ਹੋਇਆ ਹੈ | ਆਸ ਹੈ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਵਿਚ ਬਿਸ਼ਨੋਈ ਦਾ ਗੜ੍ਹ ਤੋੜ ਦੇਵੇਗੀ |
ਬਿਹਾਰ ਦੇ ਮੋਕਾਮਾ ਹਲਕੇ ਵਿਚ ਬਾਹੂਬਲੀ ਅਨੰਤ ਸਿੰਘ ਦੀ ਪਤਨੀ ਤੇ ਰਾਜਦ ਉਮੀਦਵਾਰ ਨੀਲਮ ਦੇਵੀ ਨੇ ਭਾਜਪਾ ਦੀ ਸੋਨਮ ਦੇਵੀ ਨੂੰ 16.707 ਵੋਟਾਂ ਨਾਲ ਹਰਾਇਆ | ਰਾਜਦ ਨੂੰ 79,646 ਤੇ ਭਾਜਪਾ ਨੂੰ 62,939 ਵੋਟਾਂ ਮਿਲੀਆਂ | ਇਹ ਸੀਟ ਅਨੰਤ ਸਿੰਘ ਨੂੰ ਗੈਰਕਾਨੂੰਨੀ ਬੰਦੂਕਾਂ ਰੱਖਣ ਕਾਰਨ ਅਯੋਗ ਕਰਾਰ ਦੇ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ | ਅਨੰਤ ਸਿੰਘ ਨੇ ਇਹ ਸੀਟ ਦੋ ਵਾਰ ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ ਵਜੋਂ ਜਿੱਤੀ ਸੀ | ਇਸ ਵਾਰ ਇੱਥੋਂ ਰਾਜਦ ਨੇ ਚੋਣ ਲਈ | ਭਾਜਪਾ ਨੇ ਮੋਕਾਮਾ ਸੀਟ ਪਹਿਲੀ ਵਾਰ ਲੜੀ | ਪਹਿਲਾਂ ਉਹ ਆਪਣੇ ਸਾਬਕਾ ਇਤਿਹਾਦੀ ਜਨਤਾ ਦਲ (ਯੂਨਾਈਟਿਡ) ਲਈ ਸੀਟ ਛੱਡ ਦਿੰਦੀ ਸੀ | ਬਿਹਾਰ ਦੇ ਹੀ ਗੋਪਾਲਗੰਜ ਹਲਕੇ ਵਿਚ ਭਾਜਪਾ ਦੀ ਕੁਸੁਮ ਦੇਵੀ ਨੇ ਰਾਜਦ ਦੇ ਮੋਹਨ ਪ੍ਰਸਾਦ ਗੁਪਤਾ ਨੂੰ 2183 ਵੋਟਾਂ ਨਾਲ ਹਰਾਇਆ | ਇਹ ਸੀਟ ਕੁਸੁਮ ਦੇਵੀ ਦੇ ਪਤੀ ਸੁਭਾਸ਼ ਸਿੰਘ ਦੀ ਮੌਤ ਕਾਰਨ ਖਾਲੀ ਹੋਈ ਸੀ | ਰਾਜਦ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਥੇ ਕਾਫੀ ਜ਼ੋਰ ਲਾਇਆ ਸੀ | ਗੋਪਾਲ ਗੰਜ ਤੇਜਸਵੀ ਦੇ ਪਿਤਾ ਲਾਲੂ ਪ੍ਰਸਾਦ ਯਾਦਵ ਦਾ ਗ੍ਰਹਿ ਜ਼ਿਲ੍ਹਾ ਹੈ | ਅਸਦ-ਉਦ-ਦੀਨ ਓਵੈਸੀ ਦੀ ਏ ਆਈ ਐੱਮ ਆਈ ਐੱਮ ਤੇ ਮਾਇਆਵਤੀ ਦੀ ਬਸਪਾ ਦੇ ਉਮੀਦਵਾਰਾਂ ਵੱਲੋਂ ਕਾਫੀ ਵੋਟਾਂ ਲੈ ਜਾਣ ਕਾਰਨ ਤੇਜਸਵੀ ਦੀ ਮਿਹਨਤ ਸਫਲ ਨਹੀਂ ਹੋਈ | ਓਵੈਸੀ ਦਾ ਉਮੀਦਵਾਰ ਕਰੀਬ 12 ਹਜ਼ਾਰ ਵੋਟਾਂ ਤੇ ਬਸਪਾ ਦੀ ਉਮੀਦਵਾਰ ਕਰੀਬ 9 ਹਜ਼ਾਰ ਵੋਟਾਂ ਲੈ ਗਏ |
ਯੂ ਪੀ ਦੇ ਲਖੀਮਪੁਰ ਖੀਰੀ ਦੀ ਗੋਲਾ ਗੋਕਰਣਨਾਥ ਸੀਟ ‘ਤੇ ਭਾਜਪਾ ਦੇ ਅਮਨ ਗਿਰੀ ਨੇ ਸਮਾਜਵਾਦੀ ਪਾਰਟੀ ਦੇ ਵਿਨੈ ਤਿਵਾਰੀ ਨੂੰ 34,298 ਵੋਟਾਂ ਨਾਲ ਹਰਾਇਆ | 2022 ਦੇ ਸ਼ੁਰੂ ਵਿਚ ਅਮਨ ਦੇ ਪਿਤਾ ਅਰਵਿੰਦ ਗਿਰੀ ਨੇ ਵਿਨੈ ਤਿਵਾਰੀ ਨੂੰ 29,294 ਵੋਟਾਂ ਨਾਲ ਹਰਾਇਆ ਸੀ |
ਤਿਲੰਗਾਨਾ ਦੀ ਮੁਨੂਗੋਡੇ ਸੀਟ ਗਹਿਗਚ ਮੁਕਾਬਲੇ ਵਿਚ ਹੁਕਮਰਾਨ ਤਿਲੰਗਾਨਾ ਰਾਸ਼ਟਰ ਸਮਿਤੀ ਨੇ ਜਿੱਤ ਲਈ | ਉਸ ਦੇ ਉਮੀਦਵਾਰ ਕੇ ਪ੍ਰਭਾਕਰ ਰੈਡੀ ਨੇ ਭਾਜਪਾ ਦੇ ਕੇ ਰਾਜਗੋਪਾਲ ਰੈਡੀ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ | ਗੋਪਾਲ ਰੈਡੀ ਪਹਿਲਾਂ ਕਾਂਗਰਸ ਦੇ ਵਿਧਾਇਕ ਸਨ ਤੇ ਭਾਜਪਾ ਵਿਚ ਚਲੇ ਆਉਣ ਕਾਰਨ ਚੋਣ ਕਰਾਉਣੀ ਪਈ |
ਮਹਾਰਾਸ਼ਟਰ ਵਿਚ ਅੰਧੇਰੀ (ਪੂਰਬੀ) ਸੀਟ ਊਧਵ ਠਾਕਰੇ ਦੀ ਪਾਰਟੀ ‘ਊਧਵ ਠਾਕਰੇ ਬਾਲਾਸਾਹਿਬ’ ਦੀ ਉਮੀਦਵਾਰ ਰੁਤੁਜਾ ਲਟਕੇ ਨੇ 66,530 ਵੋਟਾਂ ਦੇ ਫਰਕ ਨਾਲ ਜਿੱਤੀ | ਇਹ ਚੋਣ ਉਨ੍ਹਾ ਦੇ ਪਤੀ ਰਮੇਸ਼ ਲਟਕੇ ਦੀ ਮੌਤ ਕਾਰਨ ਕਰਾਉਣੀ ਪਈ ਸੀ | ਲਟਕੇ ਪ੍ਰਤੀ ਸਤਿਕਾਰ ਵਜੋਂ ਹੁਕਮਾਨ ਧਿਰ ਨੇ ਆਪਣੇ ਉਮੀਦਵਾਰ ਦਾ ਨਾਂਅ ਵਾਪਸ ਲੈ ਲਿਆ ਸੀ | ਊਧਵ ਧੜੇ ਦੀ ਆਗੂ ਪਿ੍ਅੰਕਾ ਚਤੁਰਵੇਦੀ ਨੇ ਕਿਹਾ ਹੈ ਕਿ ਹਾਲਾਂਕਿ ਹੁਕਮਰਾਨ ਧਿਰ ਨੇ ਉਮੀਦਵਾਰ ਵਾਪਸ ਲੈ ਲਿਆ ਸੀ, ਪਰ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ‘ਨੋਟਾ’ ਦਾ ਬਟਨ ਦਬਾਉਣ ਲਈ ਉਕਸਾਇਆ ਗਿਆ ਅਤੇ 12,806 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ | ਨੋਟਾ ਦੂਜੇ ਨੰਬਰ ‘ਤੇ ਰਿਹਾ | ਨਤੀਜੇ ਵਜੋਂ ਬਾਕੀ ਛੇ ਉਮੀਦਵਾਰਾਂ ਨੂੰ ਬਹੁਤ ਘੱਟ ਵੋਟਾਂ ਪਈਆਂ |
ਜੂਨ ਵਿਚ ਏਕਨਾਥ ਸ਼ਿੰਦੇ ਨੇ ਬਗਾਵਤ ਕਰਕੇ ਸ਼ਿਵ ਸੈਨਾ ਨੂੰ ਦੋਫਾੜ ਕਰ ਦਿੱਤਾ ਸੀ ਤੇ ਭਾਜਪਾ ਦੀ ਹਮਾਇਤ ਨਾਲ ਮੁੱਖ ਮੰਤਰੀ ਬਣ ਗਏ ਸਨ | ਪਿ੍ਅੰਕਾ ਚਤੁਰਵੇਦੀ ਨੇ ਕਿਹਾ ਹੈ ਕਿ ਖੋਟਾ ਜਮ੍ਹਾਂ ਖੋਟਾ ਸਰਕਾਰ ਦੀ ਨੋਟਾ ਦੀ ਰਣਨੀਤੀ ਫੇਲ੍ਹ ਰਹੀ ਹੈ ਤੇ ਉਨ੍ਹਾਂ ਦਾ ਮੂੰਹ ਅੰੰਡੇ ਨਾਲ ਲਿਬੜ ਗਿਆ ਹੈ |





