ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸ਼ੁੱਕਰਵਾਰ ਕਿਹਾ ਕਿ ਗੁਜਰਾਤ ਅਤੇ ਹਿਮਾਚਲ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਕਦੀ, ਸ਼ਰਾਬ ਅਤੇ ਮੁਫਤ ਤੋਹਫੇ ਰਿਕਾਰਡ ਪੱਧਰ ‘ਤੇ ਜ਼ਬਤ ਕੀਤੇ ਹਨ | ਹਿਮਾਚਲ ‘ਚ 12 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦਕਿ ਗੁਜਰਾਤ ‘ਚ 1 ਅਤੇ 5 ਦਸੰਬਰ ਨੂੰ ਪੈਣਗੀਆਂ | ਚੋਣ ਕਮਿਸ਼ਨ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਹਿਮਾਚਲ ‘ਚ ਅਜਿਹੀਆਂ ਵਸਤੂਆਂ ਦੀ ਬਰਾਮਦਗੀ ‘ਚ ਪੰਜ ਗੁਣਾ ਵਾਧਾ ਹੋਇਆ ਹੈ | ਗੁਜਰਾਤ ‘ਚ ਚੋਣਾਂ ਦੇ ਐਲਾਨ ਤੋਂ ਕੁਝ ਦਿਨਾਂ ਦੇ ਅੰਦਰ 71.88 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ, ਜੋ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਪੂਰੇ ਸਮੇਂ ਦੌਰਾਨ ਕੀਤੀ ਗਈ ਰਕਮ ਨਾਲੋਂ ਵੱਧ ਹੈ | ਉਸ ਸਮੇਂ ਇਹ 27.21 ਕਰੋੜ ਰੁਪਏ ਸੀ | ਇਸੇ ਤਰ੍ਹਾਂ ਹਿਮਾਚਲ ‘ਚ ਵੀ 2017 ਦੇ 9.03 ਕਰੋੜ ਰੁਪਏ ਦੇ ਮੁਕਾਬਲੇ 50.28 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ, ਜੋ ਪਿਛਲੇ ਨਾਲਾੋ ਪੰਜ ਗੁਣਾ ਵੱਧ ਹੈ |



