ਗੁਰੂ ਨਾਨਕ ਬਾਣੀ ਦੇ ਸਮਾਜਕ ਸਰੋਕਾਰ ਵਿਸ਼ੇ ‘ਤੇ ਸੈਮੀਨਾਰ ਭਲਕੇ

0
299

ਪਟਿਆਲਾ : ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਸੀ ਪੀ ਆਈ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਕਾਮਰੇਡ ਜਗਤਾਰ ਸਿੰਘ ਫਤਹਿਮਾਜਰੀ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ 13 ਨਵੰਬਰ ਨੂੰ ਪਟਿਆਲਾ ਵਿਖੇ ਸੀ ਪੀ ਆਈ ਜ਼ਿਲ੍ਹਾ ਪਟਿਆਲਾ ਅਤੇ ਟਰੇਡ ਯੂਨੀਅਨ ਕੌਂਸਲ ਪਟਿਆਲਾ ਵੱਲੋਂ ਸਾਂਝੇ ਤੌਰ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਗੁਰੂ ਨਾਨਕ ਬਾਣੀ ਦੇ ਸਮਾਜਕ ਸਰੋਕਾਰ ਵਿਸ਼ੇ ‘ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੁਚੇਤ ਟਰੇਡ ਯੂਨੀਅਨ ਕਾਰਕੁੰਨ, ਹਰ ਲੋਕ ਪੱਖੀ ਫਰੰਟ ‘ਤੇ ਸੰਘਰਸ਼ ਕਰ ਰਹੇ ਆਗੂ ਅਤੇ ਸਰਗਰਮ ਕਾਰਕੁੰਨ, ਬੱੁਧੀਜੀਵੀ, ਲੇਖਕ, ਜਮਹੂਰੀਅਤ ਪਸੰਦ ਹਸਤੀਆਂ, ਵਕੀਲ, ਪ੍ਰੋਫੈਸਰ, ਟੀਚਰ, ਸਮਾਜ ਸੇਵੀ, ਇਨਸਾਫ ਪਸੰਦ ਤਬਕੇ, ਨੌਜੁਆਨ, ਵਿਦਿਆਰਥੀ ਆਦਿ ਹਰ ਸ਼ੋਬੇ ਦੇ ਪਤਵੰਤੇ ਵਿਅਕਤੀ ਸ਼ਾਮਲ ਹੋਣਗੇ | ਇਸ ਸੈਮੀਨਾਰ ਦੇ ਵਿਸ਼ੇ ‘ਤੇ ਮੁੱਖ ਵਕਤਾ ਡਾਕਟਰ ਸੁਖਦੇਵ ਸਿੰਘ ਸਿਰਸਾ, ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਣਗੇ, ਜਿਹੜੇ ਕਿ ਭਾਰਤ ਪੱਧਰ ਦੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਵੀ ਹਨ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਵੀ ਹਨ | ਇਸ ਸੈਮੀਨਾਰ ਦੀ ਪ੍ਰਧਾਨਗੀ ਡਾਕਟਰ ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ ਏ ਐਸ ਅਧਿਕਾਰੀ ਕਰਨਗੇ, ਜਿਹੜੇ ਕਿ ਅਗਾਂਹਵਧੂ ਸੋਚ ਦੇ ਧਾਰਨੀ ਹਨ ਅਤੇ ਸਮਾਜਕ ਵਰਤਾਰਿਆਂ ਅਤੇ ਦੁਸ਼ਵਾਰੀਆਂ ਸੰਬੰਧੀ ਬੇਬਾਕ ਟਿੱਪਣੀਕਾਰ ਵੀ ਹਨ ਅਤੇ ਉੱਘੇ ਵਿਦਵਾਨ ਅਤੇ ਇੱਕ ਵਸੀਹ ਸਮਾਜਿਕ ਦਾਇਰੇ ਵਿੱਚ ਵਿਚਰਨ ਵਾਲੇ ਇਨਸਾਨ ਹਨ | ਇਨ੍ਹਾਂ ਤੋਂ ਇਲਾਵਾ ਕਾ. ਬੰਤ ਬਰਾੜ ਸਕੱਤਰ, ਸੀ ਪੀ ਆਈ, ਪੰਜਾਬ ਵੀ ਵਿਸ਼ੇਸ਼ ਤੌਰ ‘ਤੇ ਇਸ ਮੌਕੇ ਪੁੱਜ ਰਹੇ ਹਨ | ਸੋ ਅਜਿਹੇ ਸ਼ਾਨਦਾਰ ਮੌਕੇ ਦਾ ਫਾਇਦਾ ਉਠਾਉਣ ਲਈ ਸਮਾਜ ਦੇ ਸੁਚੇਤ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਵਰਗ ਨੂੰ ਪ੍ਰਬੰਧਕਾਂ ਵਲੋਂ ਪਟਿਆਲਾ ਵਿਖੇ ਬਾਰਾਦਰੀ ਸਰਕਟ ਹਾਊਸ ਦੇ ਸਾਹਮਣੇ ਸਥਿਤ ਪਰਭਾਤ ਪਰਵਾਨਾ ਟਰੇਡ ਯੂਨੀਅਨ ਸੈਂਟਰ ਵਿਖੇ ਠੀਕ ਸਵੇਰੇ 10:30 ਵਜੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ | ਇਸ ਮੌਕੇ ਸਰਵ ਸ੍ਰੀ ਐਸ ਕੇ ਗੌਤਮ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਪ੍ਰੋਫੈਸਰ ਬਲਵੀਰ ਸਿੰਘ ਬੱਲੀ, ਜਗਤਾਰ ਸਿੰਘ ਫਤਹਿਮਾਜਰੀ, ਉਤਮ ਸਿੰਘ ਬਾਗੜੀ ਜੀ ਆਇਆਂ ਕਹਿਣ ਲਈ ਹਾਜ਼ਰ ਹੋਣਗੇ |

LEAVE A REPLY

Please enter your comment!
Please enter your name here