ਚੰਡੀਗੜ੍ਹ : ਤਰਨ ਤਾਰਨ ‘ਚ ਇਕ ਔਰਤ ਨੂੰ ਬੰਦੂਕ ਦੀ ਨੋਕ ‘ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਵੇਰੇ ਉਸ ਸਮੇਂ ਵਾਪਰੀ, ਜਦੋਂ ਇਕ ਔਰਤ ਆਪਣੀ ਬੇਟੀ ਨੂੰ ਸਕੂਲ ਛੱਡਣ ਲਈ ਐਕਟਿਵਾ ਲੈ ਕੇ ਜਾ ਰਹੀ ਸੀ | ਮੁਲਜ਼ਮ ਦੀ ਇਹ ਹਰਕਤ ਕੈਮਰੇ ‘ਚ ਕੈਦ ਹੋ ਗਈ | ਪੁਲਸ ਨੇ ਸੀ ਸੀ ਟੀ ਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਘਟਨਾ ਤਰਨ ਤਾਰਨ ਦੇ ਦਿਉ ਐਵੇਨਿਊ ਦੀ ਦੱਸੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਦੀਪ ਐਵੇਨਿਊ ‘ਚ ਰਹਿਣ ਵਾਲੀ ਔਰਤ ਆਪਣੀ ਬੇਟੀ ਨੂੰ ਸਕੂਲ ਛੱਡਣ ਜਾ ਰਹੀ ਸੀ |
ਇਸ ਸਮੇਂ ਉਹ ਘਰ ਦੇ ਬਾਹਰ ਸੀ ਅਤੇ ਸਕੂਟੀ ਸਟਾਰਟ ਕਰ ਰਹੀ ਸੀ | ਇਸੇ ਦੌਰਾਨ ਪਿੱਛੇ ਤੋਂ ਇੱਕ ਨਕਾਬਪੋਸ਼ ਵਿਅਕਤੀ ਆਇਆ ਅਤੇ ਬੰਦੂਕ ਦਿਖਾ ਕੇ ਚੇਨ ਖੋਹਣ ਲੱਗਾ | ਖੁਦ ਨੂੰ ਬਚਾਉਂਦੇ ਹੋਏ ਔਰਤ ਹੇਠਾਂ ਡਿੱਗ ਗਈ, ਪਰ ਦੋਸ਼ੀ ਉਸ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ | ਇਹ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਵੀ ਕੈਦ ਹੋ ਗਈ | ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਸ ਵੱਲੋਂ ਆਸ-ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੇ ਰੂਟ ਦਾ ਪਤਾ ਲੱਗ ਸਕੇ | ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ |





