ਨਿਹਾਲ ਸਿੰਘ ਵਾਲਾ (ਨਛੱਤਰ ਸੰਧੂ)-ਅਕਤੂਬਰ ਇਨਕਲਾਬ ਦਾ 105 ਵਾਂ ਵਰ੍ਹਾ ਭਾਰਤੀ ਕਮਿਊਨਿਸਟ ਪਾਰਟੀ ਦੇ ਦਫ਼ਤਰ ਕਾਮਰੇਡ ਸੱਘੜ ਸਿੰਘ ਯਾਦਗਾਰੀ ਹਾਲ ਨਿਹਾਲ ਸਿੰਘ ਵਾਲਾ ਵਿਖੇ ਕਾਮਰੇਡ ਜਗਜੀਤ ਸਿੰਘ ( ਸੂਬਾ ਕੰਟਰੋਲ ਕਮਿਸ਼ਨ ) ਅਤੇ ਕਾਮਰੇਡ ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ‘ਤੇ ਮਾਰਕਸਵਾਦੀ ਚਿੰਤਕ ਕਾਮਰੇਡ ਜਗਰੂਪ ( ਕੌਮੀ ਕੌਂਸਲ ਮੈਂਬਰ ) ਆਏ | ਕਾਮਰੇਡ ਜਗਰੂਪ ਨੇ ਰੂਸ ਦੇ ਪਹਿਲੇ ਸਮਾਜਵਾਦੀ ਇਨਕਲਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਲੋੜਾਂ ਤਬਦੀਲੀ ਦੀ ਮੰਗ ਕਰਦੀਆਂ ਹਨ | ਉਸ ਸਮੇਂ ਜਦੋਂ ਮਨੁੱਖ ਦੀ ਕਿਰਤ ਦੀ ਲੁੱਟ ਸਿਖਰਾਂ ਵੱਲ ਸੀ ਤੇ ਮਨੁੱਖ ਨੂੰ ਗੁਲਾਮ ਬਣਾ ਕੇ ਬਿਨਾਂ ਕੰਮ ਘੰਟਿਆਂ ਦੀ ਸੀਮਾ ਤੋਂ ਘੱਟ ਉਜਰਤਾਂ ‘ਤੇ ਕੰਮ ਕਰਨਾ ਪੈਂਦਾ ਸੀ, ਉਸ ਸਮੇਂ ਇਸ ਤਰ੍ਹਾਂ ਦੇ ਸਮਾਜਵਾਦੀ ਇਨਕਲਾਬ ਦੀਆਂ ਹਾਲਤਾਂ ਪੱਕ ਚੁੱਕੀਆਂ ਹੁੰਦੀਆਂ ਹਨ | ਭਾਵੇਂ ਰੂਸ ਦੇ ਪਹਿਲੇ ਇਨਕਲਾਬ ਸਫਲ ਨਾ ਹੋ ਸਕੇ ਪਰ ਇਤਿਹਾਸ ਨੂੰ ਯਾਦ ਕਰਦਿਆਂ ਵੀ ਆਈ ਲੈਨਿਨ ਵੱਲੋਂ ਕਾਰਲ ਮਾਰਕਸ ਤੇ ਫਰੈਡਰਿਕ ਏਾਗਲਜ਼ ਦੇ ਤਜਰਬੇ ਨੂੰ ਵਰਤਦਿਆਂ ਆਪਣੀ ਅਗਵਾਈ ਵਿੱਚ ਇਹ ਇਨਕਲਾਬ ਕੀਤਾ | ਉਹਨਾਂ ਨੇ ਅੱਜ ਦੀਆਂ ਹਾਲਤਾਂ ਨੂੰ ਉਸ ਸਮੇਂ ਨਾਲ ਜੋੜਦਿਆਂ ਕਿਹਾ ਕਿ ਜੇਕਰ ਸੱਤਾ ਦੀ ਤਬਦੀਲੀ ਅਚਨਚੇਤ ਹੋ ਕੇ ਠੀਕ ਹੱਥਾਂ ਵਿੱਚ ਨਾ ਜਾਵੇ ਤਾਂ ਸਮਾਜਿਕ ਹਾਲਤਾਂ ਹੋਰ ਵੀ ਬਦਤਰ ਹੋ ਜਾਂਦੀਆਂ ਹਨ ਜੋ ਅੱਜ ਸਾਡੇ ਸਾਹਮਣੇ ਹੈ | ਉਨ੍ਹਾ ਕਿਹਾ ਕਿ ਜੇਕਰ ਤੁਹਾਡੇ ਪ੍ਰਬੰਧ ਵਿੱਚ ਤਿੰਨ ਚੀਜ਼ਾਂ ਜੋ ਮਨੁੱਖ ਲਈ ਲਾਜ਼ਮੀ ਹਨ ਵਿੱਦਿਆ, ਸਿਹਤ ਤੇ ਰੁਜ਼ਗਾਰ ਠੀਕ ਤਰੀਕੇ ਨਾਲ ਨਾ ਦੇ ਸਕੋ ਤਾਂ ਤੁਹਾਡਾ ਪ੍ਰਬੰਧ ਅਸਫ਼ਲ ਹੈ | ਅੱਜ ਪੂਰੇ ਦੇਸ਼ ਵਿੱਚ ਹਰ ਚੌਥਾ ਬੰਦਾ ਰੋਟੀ ਤੋਂ ਭੁੱਖਾ ਹੈ | ਵਿੱਦਿਆ ਦਿਨ ਬਦਿਨ ਪ੍ਰਾਈਵੇਟ ਹੋ ਕੇ ਕੁੱਝ ਹੱਥਾਂ ਤੱਕ ਸੀਮਤ ਹੁੰਦੀ ਜਾ ਰਹੀ ਹੈ | ਇਲਾਜ ਦੀ ਗੱਲ ਕਰਨੀ ਹੋਵੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਦਵਾਈਆਂ ਦੀ ਘਾਟ ਕਦੇ ਪੂਰੀ ਨਹੀਂ ਹੋਈ | ਰੁਜ਼ਗਾਰ ਦੀ ਗੱਲ ਕਰੀਏ ਤਾਂ ਟੱਬਰ ਦੇ ਪੰਜ ਜੀਆਂ ਚੋਂ 3 ਜਣੇ ਪੜ੍ਹ-ਲਿਖ ਕੇ ਵੀ ਕੰਮ ਤੋਂ ਬਾਹਰ ਬੈਠੇ ਹਨ |





