…ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ-ਦੂਜੇ ਦੇ ਅੰਦਰ ਨੂੰ

0
382

ਲਾਹੌਰ (ਜਸਬੀਰ ਸਿੰਘ ਪੱਟੀ)
ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਦੇ ਇਕਰਾ ਆਡੀਟੋਰੀਅਮ ਵਿਚ ਤਿੰਨ ਰੋਜ਼ਾ ਪੰਜਵੀਂ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਕੀਤੀ ਗਈ | ਪਹਿਲੇ ਦਿਨ ਦੇ ਸਮਾਗਮ ਵਿਚ ਵੱਖ-ਵੱਖ ਮੁਲਕਾਂ ਤੋਂ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਦੀ ਸਦਾਰਤ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਕੀਤੀ | ਰਮੇਸ਼ ਸਿੰਘ ਅਰੋੜਾ ਘੱਟ ਗਿਣਤੀ ਵਜ਼ੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾ ਤੋਂ ਇਲਾਵਾ ਡਾ. ਰਾਹਤ ਅਜਮਲ (ਪਿ੍ੰਸੀਪਲ ਆਫ਼ ਲਾਅ) ਤੇ ਡਾ. ਮੁਹਮੰਦ ਅਫ਼ਜ਼ਲ (ਡੀਨ ਆਫ਼ ਫ਼ੈਕਲਟੀ) ਵੀ ਮੁੱਖ ਮਹਿਮਾਨਾਂ ਵਿਚ ਸ਼ਾਮਲ ਸਨ | ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਪੰਜਾਬੀ ਜ਼ਬਾਨ ਦੀਆਂ ਸਿਫ਼ਤਾਂ ਕਰਦੇ ਹੋਏ ਬਾਬਾ ਨਜਮੀ ਦਾ ਇਕ ਸ਼ੇਅਰ ਪੇਸ਼ ਕੀਤਾ : ‘ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ , ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇਕ-ਦੂਜੇ ਦੇ ਅੰਦਰ ਨੂੰ |’
ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਵਿਚ ਸਿੱਖਾਂ ਦੀ ਤਵਾਰੀਖ਼ ਬਾਰੇ ਵਿਚਾਰ ਪੇਸ਼ ਕੀਤੇ ਅਤੇ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਅਤੇ ਪੰਜਾਬੀ ਵਾਸਤੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ |
ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਗੁਰੂ ਨਾਨਕ ਸਾਹਿਬ ਦੀ ਦੇਣ ਸੰਬੰਧੀ ਜਾਣਕਾਰੀ ਭਰਪੂਰ ਪੇਪਰ ਪੇਸ਼ ਕੀਤਾ | ਅਮਰੀਕਾ ਤੋਂ ਪੁੱਜੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿੱਸਾ ਹੀਰ ਵਾਰਿਸ ਦੀਆਂ ਕਥਾਨਕ ਰੂੜ੍ਹੀਆਂ ਸੰਬੰਧੀ ਪੇਪਰ ਪੇਸ਼ ਕੀਤਾ | ਯੂ ਕੇ ਤੋਂ ਆਏ ਡਾ. ਗੁਰਦੀਪ ਸਿੰਘ ਨੇ ਸਿੱਖ-ਮੁਸਲਿਮ ਦੋਸਤੀ ਨੂੰ ਡਾ. ਮੁਹੰਮਦ ਇਕਬਾਲ ਦੀ ਸ਼ਾਇਰੀ ਰਾਹੀਂ ਪੇਪਰ ਪੇਸ਼ ਕੀਤਾ | ਸਮਾਗਮ ਵਿਚ ਕੈਨੇਡਾ ਤੋਂ ਅਜਾਇਬ ਸਿੰਘ ਚੱਠਾ, ਸਰਦੂਲ ਸਿੰਘ, ਸੰਤੋਖ ਸਿੰਘ, ਰਵਿੰਦਰ ਸਿੰਘ, ਭਾਰਤ ਤੋਂ ਉਘੇ ਸਾਹਿਤਕਾਰ ਸੁਕੀਰਤ, ਇੰਗਲੈਂਡ ਤੋਂ ਤ੍ਰਬੇਦੀ ਸਿੰਘ ਤੇ ਜੋਗਾ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਅਖ਼ੀਰ ਵਿਚ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਰਮੇਸ਼ ਸਿੰਘ ਅਰੋੜਾ, ਸਕਾਲਰਾਂ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ |
ਪਹਿਲੇ ਸੈਸ਼ਨ ਤੋਂ ਬਾਅਦ ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਦੇ ਵੱਖ-ਵੱਖ ਹਾਲਾਂ ਵਿਚ ਪੰਜਾਬ ਭਰ ਤੋਂ ਆਏ ਅਧਿਆਪਕਾਂ, ਖੋਜਕਾਰਾਂ ਤੇ ਵਿਦਵਾਨਾਂ ਨੇ ਆਪਣੇ ਖੋਜ ਪੇਪਰ ਵਿਦਿਆਰਥੀਆਂ ਅੱਗੇ ਪੇਸ਼ ਕੀਤੇ, ਜਿਨ੍ਹਾਂ ਵਿਚ ਇਸਲਾਮਾਬਾਦ ਤੋਂ ਡਾ. ਜ਼ਹੀਰ, ਫ਼ੈਸਲਾਬਾਦ ਤੋਂ ਡਾ. ਫ਼ਿਆਜ਼, ਲਾਹੌਰ ਤੋਂ ਡਾ. ਅਰਸ਼ਦ ਇਕਬਾਲ ਅਰਸ਼ਦ, ਪ੍ਰੋ. ਡਾ. ਅਬਾਦ ਨਬੀਲ ਸ਼ਾਦ, ਬਹਾਵਲਪੁਰ ਤੋਂ ਸ਼ਹਿਜ਼ਾਦ ਜ਼ੋਈਆ ਸ਼ਾਮਲ ਹਨ |
ਦੂਸਰੇ ਦਿਨ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਵਿਖੇ ਕਾਨਫਰੰਸ ਅਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਫੋਰਮ ਦੇ ਡਾਇਰੈਕਟਰ ਪ੍ਰੋਫ਼ੈਸਰ ਡਾ. ਰਜ਼ਾਕ ਸ਼ਾਇਦ ਨੇ ਕੀਤੀ, ਜਦ ਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਜੋਗਾ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਅਜਾਇਬ ਸਿੰਘ ਚੱਠਾ ਤੇ ਸਤਵੰਤ ਕੌਰ ਸ਼ਾਮਲ ਹਨ | ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਆਏ ਵਿਦਵਾਨਾਂ ਬਾਰੇ ਜਾਣਕਾਰੀ ਦਿੱਤੀ | ਇਸ ਵਿੱਚ ਡਾ. ਮੁਜਾਹਿਦਾ ਬੱਟ, ਡਾ. ਸ਼ਮੀਨਾ ਬਤੂਲ, ਡਾ. ਹਿਨਾ ਖ਼ਾਨ, ਡਾ. ਆਇਸ਼ਾ ਰਹਿਮਾਨ, ਸਤਵੰਤ ਕੌਰ ਤੇ ਅਨੀਲਾ ਸਰਵਰ ਨੇ ਪਰਚੇ ਪੜ੍ਹੇ | ਸਟੇਜ ‘ਤੇ ਸੁਸ਼ੋਭਿਤ ਵਿਦਵਾਨਾਂ ਨੇ ਵੀ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ | ਸਾਰੇ ਮਹਿਮਾਨਾਂ ਨੂੰ ਦਿਆਲ ਸਿੰਘ ਫੋਰਮ ਵੱਲੋਂ ਪ੍ਰਕਾਸ਼ਤ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ | ਪ੍ਰੋ. ਡਾ. ਰਜ਼ਾਕ ਸ਼ਾਹਿਦ ਨੇ ‘ਜੀ ਆਇਆਂ’ ਕਿਹਾ ਤੇ ਡਾ. ਮੁਜਾਹਿਦਾ ਬੱਟ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |
ਤੀਜੇ ਦਿਨ ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਸਾਹਿਬ ਨਨਕਾਣਾ ਸਾਹਿਬ ਬੱਸਾਂ ਰਾਹੀਂ ਵਿਦਿਆਰਥਣਾਂ ਤੇ ਵਿਦਵਾਨਾਂ ਨੂੰ ਲਿਜਾ ਕੇ ਕਾਨਫਰੰਸ ਆਯੋਜਿਤ ਕੀਤੀ ਗਈ | ਨਨਕਾਣਾ ਸਾਹਿਬ ਦੀ ਕਾਨਫਰੰਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਚੜ੍ਹਦੇ ਪੰਜਾਬ ਤੋਂ 8 ਵਿਦਵਾਨ ਸ਼ਾਮਲ ਹੋਏ | ਸਮਾਗਮ ਦੇ ਮੁੱਖ ਮਹਿਮਾਨ ਰਮੇਸ਼ ਸਿੰਘ ਅਰੋੜਾ ਮੈਂਬਰ ਪੰਜਾਬ ਅਸੈਂਬਲੀ ਸਨ | ਅਰੋੜਾ ਦੇ ਨਾਲ ਹਾਇਰ ਐਜੂਕੇਸ਼ਨ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋ. ਡਾ. ਸ਼ਾਹਿਦ ਮੁਨੀਰ ਵੀ ਉਚੇਚੇ ਪ੍ਰਾਹੁਣੇ ਸਨ | ਕਾਨਫਰੰਸ ਦੇ ਸ਼ੁਰੂ ਵਿੱਚ ਹਜ਼ੂਰੀ ਰਾਗੀ ਸ੍ਰੀ ਨਨਕਾਣਾ ਸਾਹਿਬ ਬੀਬੀ ਮਨਬੀਰ ਕੌਰ ਦੇ ਜਥੇ ਨੇ ਸ਼ਬਦ ਗਾਇਨ ਕੀਤਾ | ਸੁਆਗਤੀ ਸ਼ਬਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਦਇਆ ਸਿੰਘ, ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਵੱਲੋਂ ਡਾ. ਮੁਜਾਹਿਦਾ ਬੱਟ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਮੁਹੰਮਦ ਅਫ਼ਜ਼ਲ ਨੇ ਅਦਾ ਕੀਤੇ | ਭਾਰਤ ਤੋਂ ਪ੍ਰੋ. ਡਾ. ਗੁਰਪਾਲ ਸਿੰਘ ਤੇ ਡਾ. ਧਨਵੰਤ ਕੌਰ, ਇੰਗਲੈਂਡ ਤੋਂ ਤਰਬੇਦੀ ਸਿੰਘ, ਕੈਨੇਡਾ ਤੋਂ ਅਜਾਇਬ ਸਿੰਘ ਚੱਠਾ, ਅਮਰੀਕਾ ਤੋਂ ਡਾ. ਚਰਨਜੀਤ ਸਿੰਘ ਗੁਮਟਾਲਾ, ਯੂਨੀਵਰਸਿਟੀ ਆਫ਼ ਝੰਗ ਦੇ ਵਾਈਸ ਚਾਂਸਲਰ ਪੰਜਾਬੀ ਵਿਦਵਾਨ ਪ੍ਰੋ. ਡਾ. ਨਬੀਲਾ ਰਹਿਮਾਨ, ਪੰਜਾਬ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਚੇਅਰਮੈਨ ਪੋ੍ਰ. ਡਾ. ਸ਼ਾਹਿਦ ਮੁਨੀਰ ਤੇ ਮੈਂਬਰ ਪੰਜਾਬ ਅਸੈਂਬਲੀ ਰਮੇਸ਼ ਸਿੰਘ ਅਰੋੜਾ ਨੇ ਸੰਗਤਾਂ ਤੇ ਵਿਦਿਆਰਥਣਾਂ ਨਾਲ ਆਪੋ-ਆਪਣੇ ਵਿਚਾਰ ਸਾਂਝੇ ਕੀਤੇ | ਅਖ਼ੀਰ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ ਤੇ ਕਾਨਫਰੰਸ ਦੇ ਮੇਜ਼ਬਾਨ ਵਾਈਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਨੇ ਆਏ ਪ੍ਰਾਹੁਣਿਆਂ ਦਾ ਧੰਨਵਾਦ ਕੀਤਾ | ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਤੇ ਸਿਰੋਪਾਉ ਦੇ ਕੇ ਸਨਮਾਨਿਆ ਗਿਆ | ਸਟੇਜ ਸੈਕਟਰੀ ਦੀ ਸੇਵਾ ਡਾ. ਕਲਿਆਣ ਸਿੰਘ ਕਲਿਆਣ ਨੇ ਬਖ਼ੂਬੀ ਨਿਭਾਈ ਲੰਗਰ ਤੋਂ ਬਾਅਦ ਸਮੂਹ ਪ੍ਰਾਹੁਣਿਆਂ ਨੂੰ ਨਵੀਂ ਉਸਾਰੀ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਵਿਖੇ ਲਿਜਾਇਆ ਗਿਆ | ਡਾ. ਮੁਹੰਮਦ ਅਫਜ਼ਲ ਵਾਈਸ ਚਾਂਸਲਰ ਨੇ ਪ੍ਰਾਹੁਣਿਆਂ ਨਾਲ ਯੂਨੀਵਰਸਿਟੀ ਦੀ ਲੇ-ਆਊਟ ਪਲਾਨ ਬਾਰੇ ਵਿਚਾਰ-ਵਟਾਂਦਰਾ ਕੀਤਾ | ਚਾਹ ਪਾਰਟੀ ਤੋਂ ਬਾਅਦ ਪ੍ਰਾਹੁਣੇ ਲਾਹੌਰ ਵਾਪਸ ਆ ਗਏ | ਇਸ ਕਾਨਫ਼ਰੰਸ ਦਾ ਸਿਹਰਾ ਪੰਜਾਬੀ ਮਹਿਕਮੇ ਦੀ ਮੁਖੀ ਡਾ. ਮੁਜਾਹਿਦਾ ਬੱਟ, ਡਾ. ਆਇਸ਼ਾ ਅਤੇ ਡਾ. ਕਲਿਆਣ ਸਿੰਘ ਦੇ ਸਿਰ ਹੈ, ਜਿਨ੍ਹਾਂ ਕਈ ਹਫ਼ਤਿਆਂ ਦੀ ਅਣਥਕ ਮਿਹਨਤ ਮਗਰੋਂ ਇਸ ਕਾਨਫ਼ਰੰਸ ਨੂੰ ਕਾਮਯਾਬ ਕੀਤਾ | ਇਸ ਕਾਨਫ਼ਰੰਸ ਵਿਚ ਸੈਂਕੜੇ ਸਕਾਲਰਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਸਾਰਾ ਆਡੀਟੋਰੀਅਮ ਖਚਾਖਚ ਭਰਿਆ ਹੋਇਆ ਸੀ |

LEAVE A REPLY

Please enter your comment!
Please enter your name here