ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਜ਼ਿਲ੍ਹਾ ਜੱਜ ਘਿਨਾਉਣੇ ਜੁਰਮ ਵਿਚ ਜ਼ਮਾਨਤ ਦੇਣ ਤੋਂ ਹਿਚਕਦੇ ਹਨ | ਇਸੇ ਕਾਰਨ ਹਾਈ ਕੋਰਟਾਂ ਵਿਚ ਜ਼ਮਾਨਤ ਅਰਜ਼ੀਆਂ ਦਾ ਹੜ੍ਹ ਆ ਰਿਹਾ ਹੈ | ਬਾਰ ਕੌਂਸਲ ਆਫ ਇੰਡੀਆ ਵੱਲੋਂ ਰੱਖੇ ਸਨਮਾਨ ਸਮਾਰੋਹ ਵਿਚ ਚੀਫ ਜਸਟਿਸ ਨੇ ਕਿਹਾ-ਜ਼ਿਲ੍ਹਾ ਪੱਧਰ ‘ਤੇ ਜੱਜ ਜੁਰਮ ਨੂੰ ਨਹੀਂ ਸਮਝਦੇ ਹਨ, ਸਗੋਂ ਉਨ੍ਹਾਂ ਨੂੰ ਜ਼ਮਾਨਤ ਦੇਣ ਦੇ ਬਾਅਦ ਖੁਦ ਨੂੰ ਨਿਸ਼ਾਨਾ ਬਣਾਏ ਜਾਣ ਦਾ ਡਰ ਹੁੰਦਾ ਹੈ | ਇਸ ਡਰ ਬਾਰੇ ਕੋਈ ਗੱਲ ਨਹੀਂ ਕਰਦਾ, ਜੋ ਸਾਨੂੰ ਕਰਨੀ ਚਾਹੀਦੀ ਹੈ | ਇਸ ਕਰਕੇ ਜ਼ਿਲ੍ਹਾ ਅਦਾਲਤਾਂ ਦਾ ਪੈਨਾਪਨ ਘਟ ਰਿਹਾ ਹੈ ਅਤੇ ਹਾਈ ਕੋਰਟਾਂ ਦੇ ਕੰਮਕਾਜ ‘ਤੇ ਅਸਰ ਪੈ ਰਿਹਾ ਹੈ | ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜ਼ਿਲ੍ਹਾ ਅਦਾਲਤਾਂ ਨਿੱਕੀਆਂ ਨਹੀਂ ਹਨ | ਇਹ ਕੌਮੀ ਨਿਆਂਪਾਲਿਕਾ ਵਿਚ ਉਹੀ ਥਾਂ ਰੱਖਦੀਆਂ ਹਨ, ਜਿਹੜਾ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਦਾ ਹੈ | ਸੁਪਰੀਮ ਕੋਰਟ ਵੱਡੇ ਫੈਸਲੇ ਕਰ ਸਕਦੀ ਹੈ, ਪਰ ਜ਼ਿਲ੍ਹਾ ਅਦਾਲਤਾਂ ਉਨ੍ਹਾਂ ਛੋਟੇ-ਛੋਟੇ ਮਾਮਲਿਆਂ ਦਾ ਨਿਬੇੜਾ ਕਰਦੀਆਂ ਹਨ, ਜਿਹੜੇ ਆਮ ਨਾਗਰਿਕਾਂ ਨੂੰ ਸ਼ਾਂਤੀ, ਖੁਸ਼ੀ ਤੇ ਵਿਸ਼ਵਾਸ ਦਿੰਦੇ ਹਨ |



