ਲੁਧਿਆਣਾ : ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦਾ 15ਵਾਂ ਡੈਲੀਗੇਟ ਇਜਲਾਸ ਐਮਸਨ ਰਿਜ਼ੋਰਟ ਮੋਤੀ ਨਗਰ ਗਲਾਡਾ ਨੇੜੇ ਵਰਧਮਾਨ ਚੌਕ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਸਾਥੀ ਹਰਭਜਨ ਸਿੰਘ ਪਿਲਖਣੀ, ਨਰਿੰਦਰ ਕੁਮਾਰ ਬੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਪ੍ਰਦਿਊਮਣ ਗੌਤਮ, ਬਲਵਿੰਦਰ ਸਿੰਘ ਉਦੀਪੁਰ, ਗੁਰਵਿੰਦਰ ਸਿੰਘ ਦੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਨਾਅਰਿਆਂ ਦੀ ਗੂੰਜ ਵਿੱਚ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਕਰਨ ਉਪਰੰਤ ਸ਼ੁਰੂ ਹੋਇਆ | ਡੈਲੀਗੇਟ ਇਜਲਾਸ ਵਿੱਚ ਬਤੌਰ ਚੋਣ ਨਿਗਰਾਨ ਕੁਲ ਹਿੰਦ ਬਿਜਲੀ ਫੈਡਰੇਸ਼ਨ (ਐੱਫ ਈ) ਦੇ ਕੌਮੀ ਪ੍ਰਧਾਨ ਕਾਮਰੇਡ ਸਦਰੂਦੀਨ ਰਾਣਾ, ਜਨਰਲ ਸਕੱਤਰ ਕਾਮਰੇਡ ਮੋਹਣ ਸ਼ਰਮਾ, ਡਿਪਟੀ ਜਨਰਲ ਸਕੱਤਰ ਕਾਮਰੇਡ ਸਮਾਇਮੂ ਉੱਲਾ, ਐੱਫ ਈ ਆਗੂ ਜਸਵੀਰ ਸਿੰਘ, ਅਖਿਲੇਸ਼ ਤਿਵਾੜੀ, ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਰੀਵਾਲ, ਰੋਜ਼ਗਾਰ ਪ੍ਰਾਪਤੀ ਮੁਹਿੰਮ ਭਾਰਤ ਦੇ ਚੇਅਰਮੈਨ ਜਗਰੂਪ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਡੈਲੀਗੇਟ ਇਜਲਾਸ ਦਾ ਉਦਘਾਟਨੀ ਭਾਸ਼ਣ ਕਰਦਿਆਂ ਸਵਾਗਤੀ ਕਮੇਟੀ ਦੇ ਚੇਅਰਮੈਨ ਸੂਬਾ ਆਗੂ ਰਛਪਾਲ ਸਿੰਘ ਪਾਲੀ ਨੇ ਕੌਮੀ ਅਤੇ ਸੂਬਾਈ ਆਗੂਆਂ ਸਮੇਤ ਸੂਬਾ ਭਰ ਤੋਂ ਸ਼ਾਮਲ ਹੋਏ 200 ਡੈਲੀਗੇਟਾਂ ਨੂੰ ਜੀ ਆਇਆਂ ਕਿਹਾ, ਉਪਰੰਤ ਸਾਰੇ ਪ੍ਰਬੰਧਾਂ ਦੇ ਨਿਗਰਾਨ ਸਰਕਲ ਆਗੂ ਸਤੀਸ਼ ਕੁਮਾਰ ਨੇ ਲੁਧਿਆਣਾ ਸ਼ਹਿਰ ਦੇ ਇਤਿਹਾਸ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ | ਇਸ ਮੌਕੇ ਢਾਡੀ ਜੱਥਾ ਮਾਸਟਰ ਕੁਲਵੰਤ ਸਿੰਘ ਹੇਰਾਂ ਤੋਂ ਇਲਾਵਾ ਸਾਥੀ ਰਾਮ ਰਤਨ ਨੇ ਸ਼ਹੀਦੇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ ਨੂੰ ਇਨਕਲਾਬੀ ਵਾਰਾਂ ਗਾ ਕੇ ਸ਼ਰਧਾਂਜਲੀਆਂ ਦਿੱਤੀਆਂ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਵੱਲੋਂ ਪੇਸ਼ ਕੀਤੇ ਸ਼ੋਕ ਮਤੇ ਰਾਹੀਂ ਦੋ ਮਿੰਟ ਦਾ ਮੌਨ ਧਾਰ ਕੇ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਈਆਂ ਮਹਾਨ ਸ਼ਖਸੀਅਤਾਂ, ਡਿਊਟੀ ਦੌਰਾਨ ਜਾਨਾਂ ਵਾਰਨ ਵਾਲੇ ਬਿਜਲੀ ਕਾਮਿਆਂ ਸਮੇਤ ਆਗੂਆਂ ਦੇ ਪਰਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਹਾਜ਼ਰੀਨ ਨੂੰ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ | ਸਦਰੂਦੀਨ ਰਾਣਾ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤੇ ਬਿਜਲੀ ਸੋਧ ਬਿੱਲ 2022 ਦੇ ਮਾਰੂ ਪ੍ਰਭਾਵਾਂ ਨੂੰ ਸਮਝ ਕੇ ਇਸ ਵਿਰੁੱਧ ਡਟਣ ਲਈ ਕਿਹਾ | ਮੋਹਣ ਸ਼ਰਮਾ ਨੇ ਮੋਦੀ ਸਰਕਾਰ ਵੱਲੋਂ ਪਾਵਰ ਸੈਕਟਰ ਨੂੰ ਤਬਾਹ ਕਰਨ ਦੀ ਲੋਕ ਅਤੇ ਮੁਲਾਜ਼ਮ ਮਾਰੂ ਨੀਤੀ ‘ਤੇ ਚਾਨਣਾ ਪਾਇਆ | ਪਾਵਰਕਾਮ/ਟ੍ਰਾਂਸਕੋ ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਧੇਸ਼ਿਆਮ, ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਭਰਾਤਰੀ ਸੰਦੇਸ਼ ਦਿੰਦਿਆਂ ਪਾਵਰ ਮੈਨੇਜਮੈਂਟ ਦੇ ਅੜੀਅਲ ਰਵੱਈਏ ਖਿਲਾਫ ਤਿੱਖੇ ਸੰਘਰਸ਼ਾਂ ਲਈ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਨੂੰ ਕਮਰਕੱਸੇ ਕਰਨ ਦਾ ਸੱਦਾ ਦਿੱਤਾ | ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਕਾ: ਬੰਤ ਸਿੰਘ ਬਰਾੜ ਨੇ ਸਰਮਾਏਦਾਰੀ ਸਿਸਟਮ ਦੇ ਚੱਲਦਿਆਂ ਮਿਹਨਤਕਸ਼ ਜਮਾਤ ‘ਤੇ ਹੋ ਰਹੇ ਹਮਲਿਆਂ ਖਿਲਾਫ ਜਿੱਤਣ ਤੱਕ ਯੁੱਧ ਦਾ ਘੇਰਾ ਵਿਸ਼ਾਲ ਕਰਨ ਦਾ ਸੱਦਾ ਦਿੰਦਿਆਂ ਬੀ ਜੇ ਪੀ ਦੀ ਆਰ ਐੱਸ ਐੱਸ ਦੇ ਇਸ਼ਾਰਿਆਂ ‘ਤੇ ਚੱਲਣ ਵਾਲੀ ਫਿਰਕਾਪ੍ਰਸਤ ਕੇਂਦਰ ਸਰਕਾਰ ਦੀ ਭਾਰਤ ਦੇ ਲੋਕਾਂ ਨੂੰ ਵੰਡਣ ਵਾਲੀ ਫਿਰਕੂ ਵਿਚਾਰਧਾਰਾ ‘ਤੇ ਚੱਲ ਕੇ ਪਬਲਿਕ ਸੈਕਟਰ ਨੂੰ ਹੜੱਪਣ ਵਾਲੀ ਨੀਤੀ ਦੀ ਨਿੰਦਾ ਕੀਤੀ |
ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਨੇ ਜਥੇਬੰਦਕ ਰਿਪੋਰਟ ਅਤੇ ਸੂਬਾ ਵਿੱਤ ਸਕੱਤਰ ਨਰਿੰਦਰ ਬੱਲ ਨੇ ਕੈਸ਼ ਦੀ ਰਿਪੋਰਟ ਪੇਸ਼ ਕੀਤੀ, ਜਿਸ ‘ਤੇ ਦੋ ਦਿਨ ਚੱਲਣ ਵਾਲੇ ਇਜਲਾਸ ਵਿੱਚ ਡੈਲੀਗੇਟ ਭਖਵੀਂ ਬਹਿਸ ਕਰਨਗੇ | ਮੁਲਾਜ਼ਮ ਆਗੂਆਂ ਸੁਖਦੇਵ ਸਿੰਘ ਬਾਬਾ, ਬਲਜਿੰਦਰ ਕੌਰ ਡਿਆਲ, ਬਲਜੀਤ ਕੁਮਾਰ, ਬਲਬੀਰ ਸਿੰਘ ਮਾਨ, ਸੁਰਿੰਦਰਪਾਲ ਸਿੰਘ ਲਹੌਰੀਆ ਤੋਂ ਇਲਾਵਾ ਸਾਬਕਾ ਸੂਬਾ ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਸੂਬਾ ਆਗੂਆਂ ਰਾਜ ਕੁਮਾਰ ਤਿਵਾੜੀ, ਗੁਰਮੀਤ ਸਿੰਘ ਧਾਲੀਵਾਲ, ਐੱਸ ਪੀ ਸਿੰਘ, ਕੇਵਲ ਸਿੰਘ ਬਨਵੈਤ, ਚਮਕੌਰ ਸਿੰਘ, ਰਣਜੀਤ ਸਿੰਘ ਨੀਲੋਂ ਤੋਂ ਇਲਾਵਾ ਟੈਕਨੀਕਲ ਸਰਵਿਸ ਯੂਨੀਅਨ ਦੇ ਸੂਬਾ ਮੁੱਖ ਜਥੇਬੰਦਕ ਸਕੱਤਰ ਰਘਬੀਰ ਸਿੰਘ ਨੇ ਭਰਾਤਰੀ ਸੰਦੇਸ਼ ਦਿੰਦਿਆਂ ਕਾਮਯਾਬ ਡੈਲੀਗੇਟ ਇਜਲਾਸ ਦੀ ਸੂਬਾ ਕਮੇਟੀ ਨੂੰ ਵਧਾਈ ਪੇਸ਼ ਕੀਤੀ |