ਬਾਘਾ ਪੁਰਾਣਾ (ਨਵਾਂ ਜ਼ਮਾਨਾ ਸਰਵਿਸ)-ਇਥੋਂ ਥੋੜੀ ਦੂਰ ਪਿੰਡ ਘੋਲੀਆ ਖੁਰਦ ਵਿਖੇ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੀ ਬਰਸੀ ਭਾਰਤੀ ਕਮਿਊਨਿਸਟ ਪਾਰਟੀ ਇਲਾਕਾ ਬਾਘਾ ਪੁਰਾਣਾ ਵੱਲੋਂ ਮਨਾਈ ਗਈ | ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਅੱਜ ਸਾਡੇ ਦੇਸ਼ ‘ਤੇ ਵੱਖ-ਵੱਖ ਰੰਗਾਂ ਦੀਆਂ ਪਾਰਟੀਆਂ ਦੇ ਨਾਂਲ ਥੱਲ੍ਹੇ ਕੇਵਲ ਵਿੱਤੀ ਸਰਮਾਇਆ ਹੀ ਰਾਜ ਕਰ ਰਿਹਾ ਹੈ, ਸਾਡੇ ਦੇਸ਼ ਦੀਆਂ ਸਾਰੀਆਂ ਸਰਮਾਏਦਾਰ ਪਾਰਟੀਆਂ ਕਿਰਤ ਕਰਨ ਵਾਲੇ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰ ਕੇ ਕੇਵਲ ਤੇ ਕੇਵਲ ਸਰਮਾਏ ਦੇ ਵਾਧੇ ਲਈ ਕੰਮ ਕਰ ਰਹੀਆਂ ਹਨ | ਇਸ ਲਈ ਇਸ ਸਾਰੇ ਕਾਸੇ ਵਿਰੁੱਧ ਅਤੇ ਬਾਬਾ ਜੀ ਦੀ ਸੋਚ ਜਿਹੜੀ ਕਿ ਕਿਰਤ ਦੀ ਸਰਦਾਰੀ ਦੀ ਗੱਲ ਕਰਦੀ ਹੈ | ਸਾਨੂੰ ਸਾਰਿਆਂ ਨੂੰ ਬਾਬਾ ਬਚਨ ਸਿੰਘ ਘੋਲੀਆ ਜੀ ਦੀ ਸੋਚ ਨੂੰ ਤਕੜੇ ਕਰਨਾ ਪਵੇਗਾ | ਇਸ ਮੌਕੇ ਉਨ੍ਹਾ ਇਹ ਵੀ ਕਿਹਾ ਕਿ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੀ ਕਰਦੇ ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਲਾਮਬੰਦ ਹੋਣਾ ਚਾਹੀਦਾ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਾਮਰੇਡ ਬਾਬਾ ਜੀ ਵਰਗੇ ਲੋਕ ਆਜ਼ਾਦੀ ਤੋਂ ਪਹਿਲਾਂ ਭਾਵੇਂ ਆਪਣੇ ਪਰਵਾਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਦੇਸ਼ ਗਏ ਸਨ, ਪਰ ਉਸ ਵੇਲੇ ਦੀਆਂ ਹਾਲਤਾਂ ਦੀ ਲੋੜ ਨੂੰ ਸਮਝਦੇ ਹੋਏ ਆਜ਼ਾਦੀ ਦੀ ਲਹਿਰ ‘ਚ ਗਦਰ ਪਾਰਟੀ ਦੇ ਰਾਹੀਂ ਕੁੱਦ ਪਏ, ਤਾਂ ਜੋ ਕਿ ਵਿਦੇਸ਼ੀ ਹਾਕਮਾਂ ਨੂੰ ਦੇਸ਼ ‘ਚੋਂ ਬਾਹਰ ਕੱਢ ਕੇ ਕਿਰਤੀਆਂ ਦਾ ਰਾਜ ਸਥਾਪਿਤ ਕੀਤਾ ਜਾ ਸਕੇ | ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨਾ ਬਣਦਾ ਹੈ | ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਲਾਲ ਝੰਡੇ ਵਾਲੀਆਂ ਪਾਰਟੀਆਂ ਨੂੰ ਤਕੜੇ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਬਾਬਾ ਬਚਨ ਸਿੰਘ ਘੋਲੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਗੁਰਦਿੱਤ ਦੀਨਾ, ਜਗਸੀਰ ਖੋਸਾ, ਸ਼ੇਰ ਸਿੰਘ ਦੌਲਤਪੁਰਾ, ਗਿਆਨ ਚੰਦ ਸ਼ਰਮਾ, ਸਵਰਨ ਮਧੇਕੇ, ਸਿੰਕਦਰ ਸਿੰਘ ਮਧੇਕੇ, ਸੇਵਕ ਸਿੰਘ ਮਾਹਲਾ, ਬੁੱਗਰ ਸਿੰਘ ਮਾਣੂੰਕੇ, ਮੱਖਣ ਸਿੰਘ, ਗੁਰਨਾਮ ਸਿੰਘ ਮਾਹਲਾ, ਜਸਵੰਤ ਸਿੰਘ ਖੋਟੇ, ਜਗਸੀਰ ਸਿੰਘ ਮੈਡੀਕਲ ਪੈਕਟੀਸ਼ਨਰ ਐਸੋਸੀਏਸ਼ਨ, ਨਛੱਤਰ ਸਿੰਘ ਬਿਜਲੀ ਬੋਰਡ ਦੇ ਆਗੂ ਵੀ ਹਾਜ਼ਰ ਸਨ | ਸਟੇਜ ਦੀ ਕਾਰਵਾਈ ਬਲਾਕ ਸਕੱਤਰ ਕਾਮਰੇਡ ਗੁਰਮੀਤ ਵਾਂਦਰ ਨੇ ਨਿਭਾਈ |