ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ‘ਰਾਵਣ’ ਵਾਲੀ ਟਿੱਪਣੀ ਨੇ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ | ਖੜਗੇ ਨੇ ਗੁਜਰਾਤ ਅਸੰਬਲੀ ਚੋਣਾਂ ਦੇ ਪਹਿਲੇ ਗੇੜ ਦਾ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਸੋਮਵਾਰ ਅਹਿਮਦਾਬਾਦ ਵਿਚ ਇਕ ਚੋਣ ਰੈਲੀ ਵਿਚ ਕਿਹਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਹਨ | ਉਹ ਕੰਮ ਛੱਡ ਕੇ ਨਗਰ ਨਿਗਮ ਦੀ ਚੋਣ, ਐੱਮ ਐੱਲ ਏ ਦੀ ਚੋਣ, ਐੱਮ ਪੀ ਦੀ ਚੋਣ ਵਿਚ ਪ੍ਰਚਾਰ ਕਰਦੇ ਰਹਿੰਦੇ ਹਨ | ਹਰ ਵਕਤ ਆਪਣੀ ਹੀ ਗੱਲ ਕਰਦੇ ਹਨ—ਤੁਸੀਂ ਕਿਸੇ ਨੂੰ ਨਾ ਦੇਖੋ, ਮੋਦੀ ਨੂੰ ਦੇਖ ਕੇ ਵੋਟ ਦਿਓ | ਤੁਹਾਡੀ ਸੂਰਤ ਕਿੰਨੀ ਵਾਰ ਦੇਖੀਏ? ਤੁਹਾਡੇ ਕਿੰਨੇ ਰੂਪ ਹਨ? ਕੀ ਰਾਵਣ ਦੀ ਤਰ੍ਹਾਂ 100 ਮੁੱਖ ਹਨ?
ਕਾਂਗਰਸ ਨੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ | ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕਿਹਾ ਕਿ ਵਿਕਾਸ ਦੇ ਏਜੰਡਾ ‘ਤੇ ਸੂਬੇ ਦੇ ਲੋਕਾਂ ਦੀ ਹਮਾਇਤ ਤੋਂ ਸੱਖਣੀ ਕਾਂਗਰਸ ਗੁਜਰਾਤ ਤੇ ਗੁਜਰਾਤੀਆਂ ਨੂੰ ਗਾਲ੍ਹਾਂ ਕੱਢਣ ਤੁਰ ਪਈ ਹੈ | ਇਹ ਗੁਜਰਾਤੀਆਂ ਪ੍ਰਤੀ ਕਾਂਗਰਸ ਦੀ ਨਫਰਤ ਨੂੰ ਦਰਸਾਉਂਦਾ ਹੈ | ਗੁਜਰਾਤ ਦੇ ਲੋਕ ਇਸ ਵਾਰ ਵੀ ਕਾਂਗਰਸ ਨੂੰ ਰੱਦ ਕਰਨਗੇ | ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਹੈ ਕਿ ਖੜਗੇ ਗੁਜਰਾਤ ਚੋਣਾਂ ਦੀ ਗਰਮੀ ਨਾ ਸਹਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਵਣ ਕਹਿ ਕੇ ਸ਼ਬਦਾਂ ‘ਤੇ ਕੰਟਰੋਲ ਗੁਆ ਬੈਠੇ | ਮੌਤ ਕਾ ਸੌਦਾਗਰ ਤੋਂ ਬਾਅਦ ਰਾਵਣ ਕਹਿ ਕੇ ਕਾਂਗਰਸ ਨੇ ਗੁਜਰਾਤ ਤੇ ਉਸ ਦੇ ਪੁੱਤਰ ਦੀ ਬੇਇੱਜ਼ਤੀ ਕੀਤੀ ਹੈ |
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ 2007 ਦੀਆਂ ਚੋਣਾਂ ਤੋਂ ਪਹਿਲਾਂ 2002 ਦੇ ਦੰਗਿਆਂ ਦੇ ਸੰਦਰਭ ਵਿਚ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮੌਤ ਕਾ ਸੌਦਾਗਰ ਕਿਹਾ ਸੀ | ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਨੇ ਨਾ ਸਿਰਫ ਗੁਜਰਾਤ ਦੇ ਪੁੱਤਰ ਦੀ ਬੇਇੱਜ਼ਤੀ ਕੀਤੀ ਹੈ, ਸਗੋਂ ਹਰ ਗੁਜਰਾਤੀ ਦਾ ਦਿਲ ਦੁਖਾਇਆ ਹੈ | ਗੁਜਰਾਤੀਆਂ ਨੂੰ ਉਸ ਪਾਰਟੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ, ਜਿਸ ਦੇ ਪ੍ਰਧਾਨ ਨੇ ਮੋਦੀ ਦੀ ਬੇਇੱਜ਼ਤੀ ਕੀਤੀ ਹੈ | ਗੁਜਰਾਤੀ ਪੋਲਿੰਗ ਵਾਲੇ ਦਿਨ ਘਰਾਂ ਵਿੱਚੋਂ ਨਿਕਲ ਕੇ ਕਾਂਗਰਸ ਖਿਲਾਫ ਵੋਟਾਂ ਪਾ ਕੇ ਬਦਲਾ ਲੈਣ |
ਸੂਬੇ ਵਿਚ ਇਕ ਦਸੰਬਰ ਤੇ ਪੰਜ ਦਸੰਬਰ ਨੂੰ ਵੋਟਾਂ ਪੈਣੀਆਂ ਹਨ | ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਣੀ ਹੈ |