ਸ੍ਰੀ ਫ਼ਤਹਿਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)-ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ 8 ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜੇ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਉਨ੍ਹਾਂ ‘ਤੇ ਕੀਤੇ ਗਏ ਪੁਲਸ ਤਸ਼ੱਦਦ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ | ਸੀ.ਪੀ.ਆਈ. ਦੀ ਜ਼ਿਲ੍ਹਾ ਸਕੱਤਰ ਸਿਮਰਤ ਕੌਰ ਝਾਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ 12 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਧਰਨਾ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਮੱਖ ਮੰਤਰੀ ਦੇ ਦਫਤਰ ਵੱਲੋਂ ਪਹਿਲਾਂ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ, ਪਰ ਬਾਅਦ ‘ਚ ਉਨ੍ਹਾਂ ਨਾਲ ਮੁਲਾਕਾਤ ਨਾ ਕੀਤੀ ਗਈ, ਜਿਸ ਕਾਰਨ ਜਥੇਬੰਦੀਆਂ ਦੇ ਮਨਾਂ ‘ਚ ਰੋਸ ਸੀ |
ਉਨ੍ਹਾਂ ਦੱਸਿਆ ਕਿ ਮੱੁਖ ਮੰਤਰੀ ਵੱਲੋਂ ਹੀ ਕਿਹਾ ਗਿਆ ਸੀ ਕਿ ਜਥੇਬੰਦੀਆਂ ਨੂੰ ਸੜਕਾਂ ਰੋਕਣ ਦੀ ਬਜਾਏ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਧਰਨੇ ਦੇਣੇ ਚਾਹੀਦੇ ਹਨ, ਪਰ ਜਦੋਂ ਮਜ਼ਦੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣੀਆਂ ਮੁਸ਼ਕਲਾਂ ਦੱਸਣ ਆਏ ਤਾਂ ਪੁਲਸ ਵੱਲੋਂ ਉਨ੍ਹਾਂ ‘ਤੇ ਭਾਰੀ ਲਾਠੀਚਾਰਜ ਕਰਦੇ ਹੋਏ ਉਨ੍ਹਾਂ ਨੂੰ ਭਜਾ-ਭਜਾ ਕੇ ਕੁੱਟਿਆ ਗਿਆ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਥੇਬੰਦੀਆਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰਦੇ ਹੋਏ ਇਸ ਤਸ਼ੱਦਦ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੱੁਧ ਸਖਤ ਕਾਰਵਾਈ ਕੀਤੀ ਜਾਵੇ |



