ਮਾਸਕੋ : ਰੂਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਯੂਕਰੇਨ ਟਕਰਾਅ ਦੇ ਸੰਭਾਵਤ ਹੱਲ ਲਈ ਗੱਲਬਾਤ ਨੂੰ ਤਿਆਰ ਹਨ ਅਤੇ ਉਹ ਡਿਪਲੋਮੈਟਿਕ ਹੱਲ ਵਿਚ ਵਿਸ਼ਵਾਸ ਰੱਖਦੇ ਹਨ | ਰੂਸ ਨੇ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਜੋਏ ਬਾਇਡਨ ਦੇ ਇਸ ਸੁਝਾਅ ਤੋਂ ਬਾਅਦ ਦਿੱਤਾ ਹੈ ਕਿ ਉਹ ਪੂਤਿਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ | ਬਾਇਡਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਯੂਕਰੇਨ ਵਿਚ ਜੰਗ ਨੂੰ ਖਤਮ ਕਰਨ ਦਾ ਇਹੀ ਰਾਹ ਹੈ ਕਿ ਪੂਤਿਨ ਫੌਜਾਂ ਕੱਢ ਲੈਣ ਅਤੇ ਜੇ ਉਹ ਜੰਗ ਖਤਮ ਕਰਨੀ ਚਾਹੁੰਦੇ ਹਨ ਤਾਂ ਉਹ ਉਨ੍ਹਾ ਨਾਲ ਗੱਲਬਾਤ ਕਰਨ ਲਈ ਤਿਆਰ ਹਨ | ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਪੂਤਿਨ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਪਰ ਰੂਸ ਯੂਕਰੇਨ ਵਿੱਚੋਂ ਫੌਜਾਂ ਨਹੀਂ ਕੱਢੇਗਾ | ਉਨ੍ਹਾ ਕਿਹਾ ਕਿ ਪੂਤਿਨ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਯੂਕਰੇਨ ਵਿਚ ਦਾਖਲ ਹੋਣ ਦਾ ਅਫਸੋਸ ਨਹੀਂ | ਰੂਸ ਨੇ ਇਹ ਕਾਰਵਾਈ ਹੰਕਾਰੇ ਪੱਛਮ ਦੇ ਚੌਧਰਵਾਦ ਖਿਲਾਫ ਕੀਤੀ ਹੈ | ਪੇਸਕੋਵ ਨੇ ਕਿਹਾ ਕਿ ਅਮਰੀਕਾ ਵੱਲੋਂ ਰੂਸ ਦੇ ‘ਨਵੇਂ ਖੇਤਰਾਂ’ ਨੂੰ ਮਾਨਤਾ ਦੇਣ ਤੋਂ ਇਨਕਾਰ ਕਿਸੇ ਸਮਝੌਤੇ ‘ਤੇ ਪੁੱਜਣ ‘ਚ ਅੜਿੱਕਾ ਹੈ | (ਰੂਸ ਯੂਕਰੇਨ ਦੇ ਕਬਜ਼ੇ ਵਿਚ ਲਏ ਖੇਤਰ ਨੂੰ ਆਪਣਾ ਦੱਸਦਾ ਹੈ ਜਦਕਿ ਅਮਰੀਕਾ ਮਾਨਤਾ ਨਹੀਂ ਦਿੰਦਾ |)



