ਕਾਂਗਰਸ ਦਾ ਰਾਏਪੁਰ ਵਿਖੇ ਫਰਵਰੀ ‘ਚ ਅਜਲਾਸ

0
241

ਨਵੀਂ ਦਿੱਲੀ : ਕਾਂਗਰਸ ਦੀ ਸਟੀਅਰਿੰਗ ਕਮੇਟੀ ਦੀ ਮੀਟਿੰਗ ਸ਼ਨੀਵਾਰ ਹੋਈ, ਜਿਸ ਵਿਚ ਪਾਰਟੀ ਦੇ ਅਜਲਾਸ ਦੀ ਤਰੀਕ ਅਤੇ ਸਥਾਨ ਤੈਅ ਕਰਨ ਦੇ ਨਾਲ-ਨਾਲ ਸੰਗਠਨ ਨਾਲ ਸੰਬੰਧਤ ਮੁੱਦਿਆਂ ‘ਤੇ ਚਰਚਾ ਕੀਤੀ ਗਈ | ਸੂਤਰਾਂ ਮੁਤਾਬਕ ਪਾਰਟੀ ਦਾ ਤਿੰਨ ਦਿਨਾ ਅਜਲਾਸ ਅਗਲੇ ਸਾਲ ਫਰਵਰੀ ‘ਚ ਛੱਤੀਸਗੜ੍ਹ ਦੇ ਰਾਏਪੁਰ ‘ਚ ਹੋਵੇਗਾ | ਪਿਛਲੇ ਮਹੀਨੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੀ ਸਰਵਉੱਚ ਸੰਸਥਾ ਕਾਂਗਰਸ ਵਰਕਿੰਗ ਕਮੇਟੀ (ਸੀ ਡਬਲਯੂ ਸੀ) ਦੀ ਥਾਂ ਮਲਿਕਾਰਜੁਨ ਖੜਗੇ ਨੇ ਸਟੀਅਰਿੰਗ ਕਮੇਟੀ ਕਾਇਮ ਕੀਤੀ ਸੀ | ਖੜਗੇ ਦੇ ਪ੍ਰਧਾਨ ਬਣਨ ਤੋਂ ਪਹਿਲੀ ਵਾਰ ਸੰਚਾਲਨ ਕਮੇਟੀ ਦੀ ਮੀਟਿੰਗ ਹੋ ਰਹੀ ਹੈ | ਅਜਲਾਸ ‘ਚ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਖੜਗੇ ਦੀ ਚੋਣ ‘ਤੇ ਮੋਹਰ ਲੱਗੇਗੀ ਅਤੇ ਫਿਰ ਨਵੀਂ ਕਮੇਟੀ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਹੋਵੇਗੀ | ਕਾਂਗਰਸ ਪ੍ਰਧਾਨ ਖੜਗੇ ਨੇ ਸੰਗਠਨ ‘ਚ ਉੱਪਰ ਤੋਂ ਹੇਠਾਂ ਤੱਕ ਜਵਾਬਦੇਹੀ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਨੂੰ ਪਹਿਲਾਂ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ | ਪਾਰਟੀ ਦੀ ਸਟੀਅਰਿੰਗ ਕਮੇਟੀ ਦੀ ਮੀਟਿੰਗ ‘ਚ ਉਨ੍ਹਾ ਇਹ ਵੀ ਕਿਹਾ ਕਿ ਜਥੇਬੰਦੀ ‘ਚ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹਨ, ਉਨ੍ਹਾਂ ਨੂੰ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ |
ਮੀਟਿੰਗ ‘ਚ ਖੜਗੇ ਤੋਂ ਇਲਾਵਾ ਪਾਰਟੀ ਸੰਸਦੀ ਦਲ ਦੀ ਪ੍ਰਮੁੱਖ ਸੋਨੀਆ ਗਾਂਧੀ, ਸੀਨੀਅਰ ਨੇਤਾ ਪੀ ਚਿਦੰਬਰਮ, ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਕਈ ਹੋਰ ਨੇਤਾ ਸ਼ਾਮਲ ਸਨ | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਭਾਰਤ ਜੋੜੇ ਯਾਤਰਾ’ ‘ਚ ਸ਼ਾਮਲ ਹੋਣ ਦੇ ਚਲਦੇ ਇਸ ਮੀਟਿੰਗ ‘ਚ ਹਿੱਸਾ ਨਹੀਂ ਲੈ ਸਕੇ |

LEAVE A REPLY

Please enter your comment!
Please enter your name here