ਈਰਾਨ ‘ਚ ‘ਗਸ਼ਤ-ਏ-ਇਰਸ਼ਾਦ’ ਖ਼ਤਮ

0
242

ਤਹਿਰਾਨ : ਈਰਾਨ ‘ਚ ਸਰਕਾਰ ਨੇ ਮਾਰੇਲਿਟੀ ਪੁਲਸਿੰਗ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ | ਦੇਸ਼ ‘ਚ 16 ਸਤੰਬਰ ਨੂੰ 22 ਸਾਲ ਦੀ ਵਿਦਿਆਰਥਣ ਮਹਿਸਾ ਅਮਿਨੀ ਦੀ ਪੁਲਸ ਹਿਰਾਸਤ ‘ਚ ਮੌਤ ਤੋਂ ਬਾਅਦ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਏ ਸਨ | ਮੀਡੀਆ ਰਿਪੋਰਟਾਂ ਮੁਤਾਬਿਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ‘ਚ ਹੁਣ ਤੱਕ 300 ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ‘ਚ ਸੁੱਟਿਆ ਗਿਆ ਹੈ | ਮਾਰੇਲਿਟੀ ਪੁਲਸ ਉਨ੍ਹਾਂ ਲੋਕਾਂ ਅਤੇ ਖਾਸ ਤੌਰ ‘ਤੇ ਔਰਤਾਂ ਖਿਲਾਫ਼ ਸਖ਼ਤ ਕਾਰਵਾਈ ਕਰਦੀ ਹੈ, ਜੋ ਦੇਸ਼ ਦੇ ਇਸਲਾਮੀ ਕਾਨੂੰਨ ਦੇ ਹਿਸਾਬ ਨਾਲ ਕੱਪੜੇ ਨਹੀਂ ਪਾਉਂਦੇ ਜਾਂ ਕਿਸੇ ਵੀ ਤੌਰ ‘ਤੇ ਸ਼ਰੀਅਤ ਦੇ ਕਾਨੂੰਨ ਨੂੰ ਤੋੜਦੇ ਹਨ |
ਸਥਾਨਕ ਭਾਸ਼ਾ ‘ਚ ਮਾਰੇਲਿਟੀ ਪੁਲਸ ਨੂੰ ‘ਗਸ਼ਤ-ਏ-ਇਰਸ਼ਾਦ’ ਕਿਹਾ ਜਾਂਦਾ ਹੈ | ਅੰਗਰੇਜ਼ੀ ‘ਚ ਇਸ ਨੂੰ ‘ਗਾਇਡੈਂਸ ਪੈਟਰੋਿਲੰਗ’ ਕਿਹਾ ਜਾਂਦਾ ਹੈ | 2006 ‘ਚ ਉਦੋਂ ਦੇ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜ਼ਾਦ ਨੇ ਇਸ ਦੀ ਸ਼ੁਰੂਆਤ ਕੀਤੀ ਸੀ |
ਅਟਾਰਨੀ ਜਨਰਲ ਮੁਹੰਮਦ ਜਫਰ ਮੋਂਤਾਜੇਰੀ ਨੇ ਈਰਾਨੀ ਨਿਊਜ਼ ਏਜੰਸੀ ਨੂੰ ਕਿਹਾ—ਮਾਰੇਲਿਟੀ ਪੁਲਸਿੰਗ ਦਾ ਜੁਡੀਸ਼ਰੀ ਨਾਲ ਕੋਈ ਤਾਲੁਕ ਨਹੀਂ, ਇਸ ਲਈ ਅਸੀਂ ਇਸ ਨੂੰ ਖ਼ਤਮ ਕਰ ਰਹੇ ਹਾਂ | ਜਫਰ ਰਾਜਧਾਨੀ ਤਹਿਰਾਨ ਦੀ ਇੱਕ ਧਾਰਮਕ ਕਾਨਫਰੰਸ ‘ਚ ਬੋਲ ਰਹੇ ਸਨ, ਜਿੱਥੇ ਉਨ੍ਹਾ ਤੋਂ ਪੁੱਛਿਆ ਗਿਆ ਕਿ ਇਸ ਪੁਲਸਿੰਗ ‘ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ | ਮਾਰੇਲਿਟੀ ਪੁਲਸ ਇੱਕ ਇਸ ਤਰ੍ਹਾਂ ਦੀ ਪ੍ਰਣਾਲੀ ਹੈ, ਜਿੱਥੇ ਸਮਾਜ ਦੇ ਬੁਨਿਆਦੀ ਮਾਪਦੰਡਾਂ ਦੀ ਨਿਗਰਾਨੀ ਰੱਖੀ ਜਾਂਦੀ ਹੈ ਜਾਂ ਕਹਿ ਲਈਏ ਕਿ ਬੁਨਿਆਦੀ ਮਾਪਦੰਡਾਂ ਦੀ ਉਲੰਘਣ ਕਰਨ ਵਾਲਿਆਂ ‘ਤੇ ਖਾਸ ਤਰ੍ਹਾਂ ਦੀ ਪਾਬੰਦੀ ਲਾਈ ਜਾਂਦੀ ਹੈ | ਇਸ ‘ਚ ਸੱਭਿਆਚਾਰ, ਰੀਤੀ ਰਿਵਾਜ ਅਤੇ ਧਾਰਮਕ ਰਵਾਇਤਾਂ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ | ਹਾਲਾਂਕਿ ਇਸ ਦੀ ਆੜ ‘ਚ ਕੁਝ ਕੁਰੀਤੀਆਂ ਨੂੰ ਵੀ ਬੜ੍ਹਾਵਾ ਦਿੱਤਾ ਜਾਂਦਾ ਹੈ, ਜਿਸ ਨੂੰ ਲੈ ਕੇ ਵਿਰੋਧ ਵੀ ਹੁੰਦਾ ਰਹਿੰਦਾ ਹੈ |
13 ਸਤੰਬਰ ਨੂੰ 22 ਸਾਲ ਦੀ ਮਹਿਸਾ ਅਮਿਨੀ ਆਪਣੇ ਪਰਵਾਰ ਨੂੰ ਮਿਲਣ ਤਹਿਰਾਨ ਆਈ ਸੀ, ਉਸ ਨੇ ਹਿਜਾਬ ਨਹੀਂ ਪਾਇਆ ਸੀ | ਪੁਲਸ ਨੇ ਤੁਰੰਤ ਮਹਿਸਾ ਨੂੰ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰੀ ਦੇ 3 ਦਿਨ ਬਾਅਦ 16 ਸਤੰਬਰ ਨੂੰ ਉਸ ਦੀ ਮੌਤ ਹੋ ਗਈ | ਇਸ ਤੋਂ ਬਾਅਦ ਮਾਮਲਾ ਸੁਰਖੀਆਂ ‘ਚ ਆਇਆ | ਸਰਕਾਰ ਦੀ ਮਾਰਲ ਪੁਲਸਿੰਗ ਖਿਲਾਫ਼ ਨੌਜਵਾਨਾਂ ਨੇ ‘ਗਰਸ਼ਾਦ’ ਨਾਂਅ ਦਾ ਮੋਬਾਇਲ ਐਪ ਬਣਾਇਆ |
ਇਸ ਐਪ ਨੂੰ ਹੁਣ ਤੱਕ ਕਰੀਬ 20 ਲੱਖ ਲੋਕ ਡਾਊਨਲੋਡ ਕਰ ਚੁੱਕੇ ਹਨ | ਨੌਜਵਾਨ ਇਸ ਜ਼ਰੀਏ ਗੁਪਤ ਮੈਸੇਜ ਚਲਾ ਰਹੇ ਹਨ | ਇਸ ਨੂੰ ਦੇਖਦੇ ਹੋਏ ਤਹਿਰਾਨ ‘ਚ ਮੋਬਾਇਲ ਇੰਟਰਨੈੱਟ ਬੰਦ ਹੈ | ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਘੱਟ ਨਹੀਂ ਹੋ ਰਹੇ |
ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਮਿਨੀ ਦੀ ਗਿ੍ਫ਼ਤਾਰੀ ਦੇ ਕੁਝ ਘੰਟੇ ਬਾਅਦ ਹੀ ਕੋਮਾ ‘ਚ ਚਲੀ ਗਈ ਸੀ | ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ | ਪਰਵਾਰ ਦਾ ਕਹਿਣਾ ਹੈ ਕਿ ਮਹਿਸਾ ਨੂੰ ਕੋਈ ਬਿਮਾਰੀ ਨਹੀਂ ਸੀ | ਉਸ ਦੀ ਸਿਹਤ ਬਿਲਕੁਠ ਠੀਕ ਸੀ, ਹਾਲਾਂਕਿ ਉਸ ਦੀ ਮੌਤ ਸ਼ੱਕੀ ਦੱਸੀ ਜਾ ਰਹੀ ਹੈ |
ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਮਹਿਸਾ ਦੇ ਪੁਲਸ ਸਟੇਸ਼ਨ ਪਹੁੰਚਣ ਅਤੇ ਹਸਪਤਾਲ ਜਾਣ ਵਿਚਾਲੇ ਕੀ ਹੋਇਆ, ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ | ਈਰਾਨ ‘ਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ‘ਤੇ ਨਜ਼ਰ ਰੱਖਣ ਵਾਲੇ ਟੀ ਵੀ ਚੈਨਲਾਂ ਦਾ ਕਹਿਣਾ ਹੈ ਕਿ ਅਮਿਨੀ ਦੀ ਮੌਤ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਸੀ |
ਈਰਾਨ ਦੇ ਸਖ਼ਤ ਨਿਯਮਾਂ ਅਨੁਸਾਰ ਔਰਤਾਂ ਲਈ ਹਿਜਾਬ ਜਾਂ ਸਿਰ ‘ਤੇ ਸਕਾਰਫ਼ ਪਾਉਣਾ ਜ਼ਰੂਰੀ ਹੈ | ਹਾਲਾਂਕਿ ਰਿਪੋਰਟਾਂ ਮੁਤਾਬਕ ਸ਼ੀਆਵਾਸ਼ ਅਰਦਲਾਨ ਨੇ ਕਿਹਾ ਕਿ ਮਾਰੇਲਿਟੀ ਪੁਲਸ ਨੂੰ ਭੰਗ ਕੀਤੇ ਜਾਣ ਦਾ ਮਤਲਬ ਇਹ ਨਹੀਂ ਕਿ ਹੁਣ ਹਿਜਾਬ ਦਾ ਕਾਨੂੰਨ ਬਦਲ ਜਾਵੇਗਾ | ਉਨ੍ਹਾ ਇਸ ਨੂੰ ਬਹੁਤ ਦੇਰ ਨਾਲ ਚੁੱਕਿਆ ਗਿਆ ਛੋਟਾ ਜਿਹਾ ਕਦਮ ਕਿਹਾ |
1979 ਦੀ ਕ੍ਰਾਂਤੀ ਤੋਂ ਬਾਅਦ ਹੀ ਈਰਾਨ ‘ਚ ਸਮਾਜਕ ਮੁੱਦਿਆਂ ਨਾਲ ਨਜਿੱਠਣ ਲਈ ਮਾਰੇਲਿਟੀ ਪੁਲਸ ਕਈ ਰੂਪਾਂ ‘ਚ ਮੌਜੂਦ ਰਹੀ |
ਇਸ ਦੇ ਅਧਿਕਾਰ ਖੇਤਰ ‘ਚ ਔਰਤਾਂ ਦੇ ਹਿਜਾਬ ਤੋਂ ਲੈ ਕੇ ਮਰਦਾਂ ਅਤੇ ਔਰਤਾਂ ਦੇ ਆਪਸ ‘ਚ ਘੁਲਣ, ਮਿਲਣ ਦਾ ਮੁੱਦਾ ਵੀ ਸ਼ਾਮਲ ਰਿਹਾ ਹੈ, ਪਰ ਮਹਿਸਾ ਦੀ ਮੌਤ ਲਈ ਜ਼ਿੰਮੇਵਾਰ ਦੱਸੀ ਜਾ ਰਹੀ ਸਰਕਾਰੀ ਏਜੰਸੀ ‘ਗਸ਼ਤ-ਏ-ਇਰਸ਼ਾਦ’ ਹੀ ਉਹ ਮਾਰੇਲਿਟੀ ਪੁਲਸ ਹੈ, ਜਿਸ ਦਾ ਕੰਮ ਈਰਾਨ ‘ਚ ਜਨਤਕ ਤੌਰ ‘ਤੇ ਸ਼ਾਂਤੀ ਬਣਾਈ ਰੱਖਣਾ ਹੈ |

LEAVE A REPLY

Please enter your comment!
Please enter your name here