ਲਖਨਊ : ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਦੇ ਦੋਸ਼ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ |
ਲਖੀਮਪੁਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਲਕਸ਼ਮੀ ਕਾਂਤ ਸ਼ੁਕਲਾ ਨੇ ਸੋਮਵਾਰ ਕੇਸ ਵਿੱਚੋਂ ਉਸ ਦਾ ਨਾਂਅ ਹਟਾਉਣ ਦੀ ਅਪੀਲ ਖਾਰਜ ਕਰ ਦਿੱਤੀ | ਕੋਰਟ ਮਿਸ਼ਰਾ ਤੇ ਹੋਰਨਾਂ ਖਿਲਾਫ ਦੋਸ਼ ਮੰਗਲਵਾਰ ਨੂੰ ਤੈਅ ਕਰੇਗੀ | ਪਿਛਲੇ ਸਾਲ ਤਿੰਨ ਅਕਤੂਬਰ ਦੀ ਇਸ ਘਟਨਾ ‘ਚ 4 ਕਿਸਾਨਾਂ ਦੀ ਮੌਤ ਹੋ ਗਈ ਸੀ |
ਪੀੜਤਾਂ ਦੇ ਵਕੀਲ ਮੁਹੰਮਦ ਅਮਾਨ ਨੇ ਕਿਹਾ ਕਿ ਮੁਕੱਦਮਾ ਸ਼ੁਰੂ ਹੋਣ ਦੀ ਉਡੀਕ ਖਤਮ ਹੋ ਗਈ ਹੈ | ਮਿਸ਼ਰਾ ਨੇ ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਤੋਂ ਨਾਂਹ ਕਰਨ ਨੂੰ ਨਵੰਬਰ ‘ਚ ਸੁਪਰੀਮ ਕੋਰਟ ‘ਚ ਚੈਲੰਜ ਕੀਤਾ ਸੀ | ਯੂ ਪੀ ਸਰਕਾਰ ਨੇ ਹਲਫਨਾਮਾ ਦੇ ਕੇ ਕਿਹਾ ਸੀ ਕਿ ਕੇਸ ਅਜੇ ਟਰਾਇਲ ਦੇ ਪੜਾਅ ਦੇ ਕਰੀਬ ਹੈ, ਇਸ ਕਰਕੇ ਜ਼ਮਾਨਤ ਨਾ ਦਿੱਤੀ ਜਾਵੇ |




