ਪਟਨਾ ਹਾਈ ਕੋਰਟ ਨੇ ਇੱਕ ਔਰਤ ਦਾ ਮਕਾਨ ਬੁਲਡੋਜ਼ਰ ਚਲਾ ਕੇ ਢਾਹ ਦੇਣ ਦੇ ਇੱਕ ਮਾਮਲੇ ਵਿੱਚ ਪੁਲਸ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ | ਜਸਟਿਸ ਸੰਦੀਪ ਕੁਮਾਰ ਦੀ ਬੈਂਚ ਨੇ ਔਰਤ ਵੱਲੋਂ ਦਾਇਰ ਰਿੱਟ ਦੀ ਸੁਣਵਾਈ ਕਰਦਿਆਂ ਨਾ ਸਿਰਫ਼ ਪ੍ਰਸ਼ਾਸਨ ਨੂੰ ਸਗੋਂ ਉਨ੍ਹਾਂ ਭਾਜਪਾ ਸਰਕਾਰਾਂ ਨੂੰ ਵੀ ਸਖ਼ਤ ਝਾੜ ਪਾਈ ਹੈ, ਜਿਨ੍ਹਾਂ ਅਧੀਨ ਵਿਰੋਧੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਬੁਲਡੋਜ਼ਰ ਸੱਭਿਆਚਾਰ ਵਿਕਸਤ ਕੀਤਾ ਗਿਆ ਹੈ | ਯਾਦ ਰਹੇ ਕਿ ਉਤਰ ਪ੍ਰਦੇਸ਼ ਤੋਂ ਸ਼ੁਰੂ ਹੋਇਆ ਬੁਲਡੋਜ਼ਰ ਦਾ ਚਲਣ ਅਸਾਮ ਤੇ ਮੱਧ ਪ੍ਰਦੇਸ਼ ਤੋਂ ਹੁੰਦਾ ਹੋਇਆ ਭਾਜਪਾ ਸ਼ਾਸਤ ਹਰ ਰਾਜ ਦੀ ਪਛਾਣ ਬਣ ਚੁੱਕਾ ਹੈ | ਇਸ ਅਧੀਨ ਖਾਸ ਤੌਰ ਉੱਤੇ ਘੱਟ-ਗਿਣਤੀਆਂ ਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ |
ਜਸਟਿਸ ਸੰਦੀਪ ਕੁਮਾਰ ਨੇ ਸਖ਼ਤ ਸ਼ਬਦਾਂ ਵਿੱਚ ਪੁਲਸ ਨੂੰ ਸੰਬੋਧਨ ਹੁੰਦਿਆਂ ਕਿਹਾ, ‘ਤੁਸੀਂ ਕਿਸ ਦੀ ਨੁਮਾਇੰਦਗੀ ਕਰਦੇ ਹੋ, ਰਾਜ ਦੀ ਜਾਂ ਨਿੱਜੀ ਵਿਅਕਤੀ ਦੀ? ਕੀ ਹੁਣ ਇਥੇ (ਬਿਹਾਰ ਵਿੱਚ) ਵੀ ਬੁਲਡੋਜ਼ਰ ਚੱਲਣਾ ਸ਼ੁਰੂ ਹੋ ਗਿਆ ਹੈ? ਤਮਾਸ਼ਾ ਬਣਾ ਦਿੱਤਾ ਗਿਆ ਹੈ ਕਿ ਕਿਸੇ ਦਾ ਵੀ ਘਰ ਬੁਲਡੋਜ਼ਰ ਚਲਾ ਕੇ ਤੋੜ ਦਿਓਾਗੇ?’
ਇਸ ਕੇਸ ਵਿੱਚ ਥਾਣੇ ਦੇ ਇੰਚਾਰਜ ਦੇ ਜਵਾਬੀ ਹਲਫ਼ਨਾਮੇ ਨੂੰ ਪੜ੍ਹ ਕੇ ਪਹਿਲੀ ਨਜ਼ਰੇ ਅਦਾਲਤ ਨੂੰ ਲੱਗਿਆ ਕਿ ਪੁਲਸ ਨੇ ਕਾਨੂੰਨੀ ਪ੍ਰਕ੍ਰਿਆ ਦੀ ਪਾਲਣਾ ਕੀਤੇ ਬਿਨਾਂ ਨਜਾਇਜ਼ ਤਰੀਕੇ ਨਾਲ ਘਰ ਤੋੜ ਦਿੱਤਾ ਸੀ | ਜਸਟਿਸ ਨੂੰ ਲੱਗਿਆ ਕਿ ਪੁਲਸ ਅਧਿਕਾਰੀਆਂ ਦੀ ਭੂਮਾਫ਼ੀਆ ਨਾਲ ਮਿਲੀਭੁਗਤ ਸੀ | ਇਸ ਉੱਤੇ ਗੁੱਸੇ ਭਰੇ ਲਹਿਜ਼ੇ ਵਿੱਚ ਜਸਟਿਸ ਸੰਦੀਪ ਕੁਮਾਰ ਨੇ ਕਿਹਾ, ‘ਜ਼ਮੀਨੀ ਝਗੜਿਆਂ ਨੂੰ ਨਿਬੇੜਣ ਦੀ ਤਾਕਤ ਅਦਾਲਤ ਦੀ ਥਾਂ ਥਾਣੇ ਨੂੰ ਦੇ ਦਿੱਤੀ ਗਈ ਹੈ | ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਥਾਣੇ ਜਾਏ, ਪੈਸੇ ਦੇਵੇ ਤੇ ਕਿਸੇ ਦਾ ਵੀ ਘਰ ਤੁੜਵਾ ਦੇਵੇ, ਅਦਾਲਤਾਂ ਨੂੰ ਬੰਦ ਕਰ ਦਿਓ |’ ਇਹ ਮਾਮਲਾ ਆਗਮਕੂੰਆਂ ਥਾਣੇ ਨਾਲ ਸੰਬੰਧਤ ਸੀ | ਬੈਂਚ ਨੇ ਆਗਮਕੂੰਆਂ ਥਾਣੇ ਦੇ ਇੰਚਾਰਜ ਨੂੰ ਸਖ਼ਤ ਸ਼ਬਦਾਂ ‘ਚ ਕਿਹਾ, ‘ਪਟਨਾ ਟਾਊਨ ਦਾ ਇੱਕ ਅਫ਼ਸਰ ਇੰਚਾਰਜ ਜੇਲ੍ਹ ਜਾਵੇਗਾ | ਉਹ ਵੀ ਆਗਮਕੂੰਆਂ ਦਾ ਹੀ ਮਾਮਲਾ ਸੀ, ਜਿਸ ਵਿੱਚ ਇੱਕ ਡਾਕਟਰ ਦੀ ਪ੍ਰਾਪਰਟੀ ਉੱਤੇ ਕਬਜ਼ਾ ਹੋਇਆ ਸੀ | ਸੁਣੋ ਮਿਸਟਰ ਆਗਮਕੂੰਆਂ ਵਾਲੇ ਉਸ ਕੇਸ ਦੀ ਮੇਰੇ ਵਾਲੀ ਜਜਮੈਂਟ ਪੜ੍ਹ ਕੇ ਆਉਣਾ | ਆਗਮਕੂੰਆਂ ਵਿੱਚ ਕੀ ਹੋ ਰਿਹਾ ਦੇਖ ਲਿਓ |’
ਜਸਟਿਸ ਸੰਦੀਪ ਕੁਮਾਰ ਇੱਥੇ ਹੀ ਨਹੀਂ ਰੁਕੇ, ਉਨ੍ਹਾ ਕਿਹਾ, ‘ਪੁਲਸ ਵਿੱਚ ਤੁਹਾਡੇ ਵਰਗਾ ਅਫ਼ਸਰ ਪੈਦਾ ਨਹੀਂ ਹੋਇਆ | ਪਟਨਾ ਦੇ ਸੀ ਓ ਦੀ ਕਹਾਣੀ ਅਖ਼ਬਾਰ ਵਿੱਚ ਲੜੀਵਾਰ ਛਪ ਰਹੀ ਹੈ | ਪਟਨਾ ਦਾ ਸੀ ਓ ਆਪਣਾ ਵੱਖਰਾ ਦਫ਼ਤਰ ਚਲਾ ਰਿਹਾ ਹੈ | ਉਹ ਦਫ਼ਤਰ ਵਿੱਚ ਨਜਾਇਜ਼ ਵਿਅਕਤੀਆਂ ਨੂੰ ਰੱਖ ਕੇ ਦਫ਼ਤਰ ਚਲਾਉਂਦਾ ਹੈ | ਆਓ ਅੱਠ ਤਰੀਕ ਨੂੰ ਤਿਆਰੀ ਕਰਕੇ, ਜਾਓ ਤੇ ਦਿਓ ਅਪਰਾਧੀਆਂ ਨੂੰ ਵੋਟ |’
ਪੀੜਤ ਦੇ ਵਕੀਲ ਨੇ ਜਦੋਂ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਵਿੱਚ ਅੱਠ ਤੋਂ 12 ਅਪਰਾਧੀ ਵੀ ਸ਼ਾਮਲ ਹਨ ਤਾਂ ਅਦਾਲਤ ਨੇ ਉਨ੍ਹਾਂ ਸਭ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਨੋਟਿਸ ਦੇ ਦਿੱਤਾ ਤੇ ਨਾਲ ਹੀ ਆਗਮਕੂੰਆਂ ਦੇ ਥਾਣਾ ਇੰਚਾਰਜ ਨੂੰ ਉਨ੍ਹਾਂ ਸਭ ਦੇ ਅਪਰਾਧਿਕ ਰਿਕਾਰਡ ਪੇਸ਼ ਕਰਨ ਦਾ ਹੁਕਮ ਦਿੱਤਾ | ਇਸ ਕੇਸ ਵਿੱਚ ਥਾਣੇ ਵੱਲੋਂ ਪੀੜਤਾ ਵਿਰੁੱਧ ਦਰਜ ਐੱਫ਼ ਆਈ ਆਰ ਉੱਤੇ ਵੀ ਅਦਾਲਤ ਨੇ ਰੋਕ ਲਾ ਦਿੱਤੀ | ਜਸਟਿਸ ਸੰਦੀਪ ਕੁਮਾਰ ਨੇ ਪੀੜਤਾ ਦੇ ਵਕੀਲ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸਦਿਆਂ ਕਿਹਾ, ”ਸਭ ਦੋਸ਼ੀ ਅਫ਼ਸਰਾਂ ਤੋਂ ਘਰ ਤੋੜਨ ਦੇ ਮੁਆਵਜ਼ੇ ਵਜੋਂ 5-5 ਲੱਖ ਰੁਪਏ ਦਿਵਾਏ ਜਾਣਗੇ, ਉਨ੍ਹਾਂ ਦੀਆਂ ਜੇਬਾਂ ਵਿੱਚੋਂ | ਪੁਲਸ ਤੇ ਸੀ ਓ ਮਿਲ ਕੇ ਰਿਸ਼ਵਤ ਲੈ ਕੇ ਲੋਕਾਂ ਦੇ ਘਰ ਤੁੜਵਾ ਰਹੇ ਹਨ ਤੇ ਭੂਮਾਫੀਏ ਦੇ ਏਜੰਟ ਬਣੇ ਹੋਏ ਹਨ | ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ |’ ਇਸ ਦੇ ਨਾਲ ਹੀ ਅਦਾਲਤ ਨੇ ਪਟਨਾ ਪੂਰਬੀ ਦੇ ਐੱਸ ਪੀ, ਪਟਨਾ ਸ਼ਹਿਰ ਦੇ ਸਰਕਲ ਅਫ਼ਸਰ (ਸੀ ਓ) ਤੇ ਆਗਮਕੂੰਆਂ ਥਾਣੇ ਦੇ ਇੰਚਾਰਜ ਨੂੰ 8 ਦਸੰਬਰ ਨੂੰ ਅਦਾਲਤ ਵਿੱਚ ਨਿੱਜੀ ਤੌਰ ਉੱਤੇ ਪੇਸ਼ ਹੋਣ ਲਈ ਕਿਹਾ ਹੈ |





