23.9 C
Jalandhar
Sunday, October 1, 2023
spot_img

ਕਾਮਰੇਡ ਅਣਖੀ ਦੀ ਬਰਸੀ ‘ਤੇ ਬਿਜਲੀ ਮੁਲਾਜ਼ਮਾਂ ਵੱਲੋਂ ਤਿੱਖੇ ਸੰਘਰਸ਼ ਦਾ ਪ੍ਰਣ

ਪਟਿਆਲਾ : ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ (ਰਜਿ : ਨੰਬਰ-41) ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 31ਵੀਂ ਬਰਸੀ ਮੰਗਲਵਾਰ ਸਥਾਨਕ ਫੈਕਟਰੀ ਏਰੀਆ ਵਿਖੇ ਬਣੇ ਅਣਖੀ ਯਾਦਗਾਰੀ ਭਵਨ ਵਿੱਚ ਹਰੇਕ ਸਾਲ ਦੀ ਤਰ੍ਹਾਂ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਣ ਲਈ ਪੂਰੇ ਪੰਜਾਬ ਤੋਂ ਕਾਫਲੇ ਬੰਨ੍ਹ ਕੇ ਬਿਜਲੀ ਕਾਮੇ ਆਪਣੇ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਹੀਰਾਂ ਘੱਤ ਕੇ ਪਹੁੰਚੇ | ਸਮਾਗਮ ਦੇ ਸ਼ੁਰੂ ਵਿੱਚ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਨਿਭਾਈ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਲਾਹੌਰੀਆ ਨੇ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ, ਸਤਨਾਮ ਸਿੰਘ ਛਲੇੜੀ, ਐੱਚ ਐੱਸ ਪਰਮਾਰ ਅਤੇ ਹੋਰ ਵਿੱਛੜ ਚੁੱਕੇ ਆਗੂਆਂ ਅਤੇ ਨਾਮਵਰ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਬਕਾਇਦਾ ਤੌਰ ‘ਤੇ ਸਮਾਗਮ ਦੀ ਸ਼ੁਰੂਆਤ ਕੀਤੀ | ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ ‘ਤੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਉਦੀਪੁਰ ਤੇ ਮਨਜੀਤ ਸਿੰਘ ਬਾਸਰਕੇ ‘ਤੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ | ਸਮਾਗਮ ਦਾ ਉਦਘਾਟਨੀ ਭਾਸ਼ਣ ਦਿੰਦਿਆਂ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਐੱਫ ਈ ਦੇ ਡਿਪਟੀ ਜਨਰਲ ਸਕੱਤਰ ਨਰਿੰਦਰ ਸੈਣੀ ਨੇ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਅਣਖੀ ਦੀ ਸੁਚੱਜੀ ਅਗਵਾਈ ਹੇਠ 1986 ਦੇ ਪੇ ਸਕੇਲਾਂ ਦੀ ਸੁਧਾਈ ਸਮੇਂ ਬਿਜਲੀ ਕਾਮਿਆਂ ਨੂੰ 9/ 16 ਸਾਲਾ ਸਕੇਲ ਦਿਵਾਉਣ ਦਾ ਮਿਸਾਲੀ ਕੰਮ ਨੇਪਰੇ ਚੜਿ੍ਹਆ ਸੀ, ਜਿਸ ਦਾ ਅਣਖੀ ਦੇ ਵਾਰਸਾਂ ਨੂੰ ਹਮੇਸ਼ਾ ਮਾਣ ਰਹੇਗਾ | ਉਨ੍ਹਾ ਕਿਹਾ ਕਿ ਕਾਮਰੇਡ ਸਤਨਾਮ ਸਿੰਘ ਛਲੇੜੀ, ਐੱਚ ਐੱਸ ਪਰਮਾਰ, ਮਹਿੰਦਰ ਸਿੰਘ ਬਟਾਲਾ, ਮੁਸ਼ਤਾਕ ਮਸੀਹ, ਬਸੰਤ ਰਾਮ ਵੇਰਕਾ, ਦਰਸ਼ਨ ਸਿੰਘ ਢਿੱਲੋਂ, ਤਜਿੰਦਰ ਸਿੰਘ ਮੋਹੀ, ਦਿਲਬਾਗ ਸਿੰਘ ਅਟਵਾਲ, ਪਦਮ ਸਿੰਘ ਠਾਕੁਰ ਤੇ ਗੁਰਬਖਸ਼ ਸਿੰਘ ਸਮੇਤ ਵਿੱਛੜ ਗਏ ਹੋਰ ਆਗੂਆਂ ਵੱਲੋਂ ਜਥੇਬੰਦੀ ਦੇ ਆਗੂ ਹੁੰਦਿਆਂ ਮੁਲਾਜ਼ਮ ਲਹਿਰ ਲਈ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਰੱਖਦਿਆਂ ਬਿਜਲੀ ਕਾਮਿਆਂ ਨੂੰ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖਿਲਾਫ਼ ਰਹਿੰਦੀਆਂ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਲਈ ਹੋਰ ਲਾਮਬੰਦੀ ਕਰਕੇ ਤਿੱਖੇ ਸੰਘਰਸ਼ਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ |
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਾਮਰੇਡ ਭਗਵਾਨ ਸਿੰਘ ਅਣਖੀ, ਸਤਨਾਮ ਸਿੰਘ ਛਲੇੜੀ ਅਤੇ ਐੱਚ ਐੱਸ ਪਰਮਾਰ ਸਮੇਤ ਵਿਛੜੇ ਆਗੂਆਂ ਵੱਲੋਂ ਮਜ਼ਦੂਰ ਜਮਾਤ ਦੀ ਬੰਦਖਲਾਸੀ ਲਈ ਕੀਤੇ ਸਿਰਤੋੜ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਦੀ ਪਹਿਲਾਂ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਮੁਲਾਜ਼ਮਾਂ/ਮਜ਼ਦੂਰਾਂ ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਘਟੀਆ ਨੀਤੀ ਦੇ ਰਾਹ ਚੱਲ ਕੇ ਮਿਹਨਤਕਸ਼ ਜਮਾਤ ਨਾਲ ਧੋਖਾ ਕਰ ਰਹੀ ਹੈ |
ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਵਾਲੇ ਬਿਜਲੀ ਬਿੱਲ 2022 ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਮੋਦੀ ਸਰਕਾਰ ਦੇ ਹਿਟਲਰਸ਼ਾਹੀ ਰਵੱਈਏ ਵਿਰੁੱਧ ਵੱਡੀ ਲਾਮਬੰਦੀ ਕਰਨ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਲੋਕਾਂ ਦੀ ਏਕਤਾ ਉਸਾਰ ਕੇ ਸਾਂਝੇ ਘੋਲ ਕਰਨ ਦਾ ਸੱਦਾ ਦਿੱਤਾ |
ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਲਾਹਕਾਰ ਉੱਘੇ ਟਰੇਡ ਯੂਨੀਅਨ ਆਗੂ ਜਗਰੂਪ ਸਿੰਘ ਨੇ ਕਾਮਰੇਡ ਅਣਖੀ ਸਮੇਤ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਾਜ਼ਰੀਨ ਨੂੰ ਪੂੰਜੀਪਤੀਆਂ ਦੀ ਦਲਾਲ ਮੋਦੀ ਸਰਕਾਰ ਦੇ ਸਮੇਂ ਅਡਾਨੀਆਂ/ਅੰਬਾਨੀਆਂ ਦੀਆਂ ਦੌਲਤਾਂ ਦੇ ਅੰਬਾਰ ਵੱਡੇ ਹੋਣ ਦੇ ਮੁਕਾਬਲਤਨ ਮਿਹਨਤਕਸ਼ ਜਮਾਤ ਦੇ ਹਿੱਸੇ ਆ ਰਹੀ ਦੁਰਗਤ ਦੀ ਲੋਕ ਵਿਰੋਧੀ ਨੀਤੀ ਨੂੰ ਸਮਝ ਕੇ ਸਿਧਾਂਤਕ ਸੰਘਰਸ਼ ਜਾਰੀ ਰੱਖਣ ‘ਤੇ ਜ਼ੋਰ ਦਿੱਤਾ |
ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਆਗੂ ਹਰਭਜਨ ਸਿੰਘ ਪਿਲਖਣੀ ਨੇ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ 22 ਨਵੰਬਰ ਨੂੰ ਹੋਈ ਮੀਟਿੰਗ ਸਮੇਂ ਜਿਨ੍ਹਾਂ ਮੰਗਾਂ ‘ਤੇ ਸਹਿਮਤੀ ਬਣੀ ਸੀ, ਉਨ੍ਹਾਂ ਨੂੰ ਤੁਰੰਤ ਲਾਗੂ ਕਰਨ ਕੀਤਾ ਜਾਵੇ | ਜਥੇਬੰਦੀ ਦੇ ਸੂਬਾਈ ਆਗੂਆਂ ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਉਦੀਪੁਰ, ਮਨਜੀਤ ਸਿੰਘ ਬਾਸਰਕੇ, ਗੁਰਧਿਆਨ ਸਿੰਘ, ਦਰਸ਼ਨ ਲਾਲ, ਰਛਪਾਲ ਸਿੰਘ ਪਾਲੀ, ਬਲਜੀਤ ਕੁਮਾਰ, ਸੁਖਦੇਵ ਸਿੰਘ ਬਾਬਾ, ਨਰਿੰਦਰ ਬੱਲ, ਗੁਰਮੀਤ ਸਿੰਘ ਧਾਲੀਵਾਲ ਤੋਂ ਇਲਾਵਾ ਐੱਫ ਈ ਆਗੂ ਜਸਬੀਰ ਸਿੰਘ ਨੇ ਕਾਮਰੇਡ ਭਗਵਾਨ ਸਿੰਘ ਅਣਖੀ ਅਤੇ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਸਿਧਾਂਤਕ ਅਤੇ ਸਿਰੜੀ ਆਗੂਆਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਲਿਆ | ਸਮਾਗਮ ‘ਚ ਵੱਖ-ਵੱਖ ਮੁੱਦਿਆਂ ਨੂੰ ਉਭਾਰਦੇ ਮਤੇ ਵੀ ਪੇਸ਼ ਕੀਤੇ, ਜਿਨ੍ਹਾਂ ਨੂੰ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪਾਸ ਕੀਤਾ |
ਇਸ ਮੌਕੇ ਹਰੇਕ ਸਾਲ ਦੀ ਤਰ੍ਹਾਂ ਕਾਮਰੇਡ ਅਣਖੀ ਦੀ ਯਾਦ ਨੂੰ ਸਮਰਪਿਤ ਮਾਸਿਕ ‘ਬਿਜਲੀ ਉਜਾਲਾ’ ਅਤੇ ‘ਨਵਾਂ ਜ਼ਮਾਨਾ’ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ | ਸਮਾਗਮ ਵਿੱਚ ਹਾਜ਼ਰ ਸਾਥੀ ਭਗਵਾਨ ਸਿੰਘ ਅਣਖੀ, ਐੱਚ ਐੱਸ ਪਰਮਾਰ, ਸਤਨਾਮ ਸਿੰਘ ਛਲੇੜੀ, ਮੁਸ਼ਤਾਕ ਮਸੀਹ, ਬਸੰਤ ਰਾਮ ਵੇਰਕਾ, ਗੁਰਬਖਸ਼ ਸਿੰਘ, ਪਦਮ ਸਿੰਘ ਠਾਕੁਰ ਸਮੇਤ ਵਿਛੜ ਗਏ ਆਗੂਆਂ ਦੇ ਪਰਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ |
ਸਮਾਗਮ ਦੇ ਅਖੀਰ ਵਿੱਚ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਵਰਕਰਾਂ ਅਤੇ ਆਗੂਆਂ ਸਮੇਤ ਸੁਚੱਜੇ ਪ੍ਰਬੰਧਾਂ ਲਈ ਹਰਭਜਨ ਸਿੰਘ ਪਿਲਖਣੀ ਅਤੇ ਬਲਜੀਤ ਕੁਮਾਰ ਦੀ ਅਗਵਾਈ ਹੇਠ ਪਟਿਆਲਾ ਸਰਕਲ ਦੇ ਪ੍ਰਧਾਨ ਗੁਰਦਿਆਲ ਸਿੰਘ ਬੱਬੂ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਾਹੌਰੀਆ ਨੇ ਬਾਖੂਬੀ ਨਿਭਾਈ |

Related Articles

LEAVE A REPLY

Please enter your comment!
Please enter your name here

Latest Articles