ਐਗਜ਼ਿਟ ਪੋਲ ਫਿਰ ਫੇਲ੍ਹ

0
308

ਪੋਲਿੰਗ ਖਤਮ ਹੋਣ ਦੇ ਛੇਤੀ ਬਾਅਦ ਜਾਰੀ ਹੁੰਦੇ ਐਗਜ਼ਿਟ ਪੋਲ ਨੂੰ ਲੈ ਕੇ ਇਹ ਧਾਰਨਾ ਪਾਈ ਜਾਂਦੀ ਹੈ ਕਿ ਇਨ੍ਹਾਂ ਵਿਚ ਕਿਸੇ ਪਾਰਟੀ ਦੀ ਐਵੇਂ ਗੁੱਡੀ ਬੰਨ੍ਹੀ ਜਾਂਦੀ ਹੈ | ਦਿੱਲੀ ਨਗਰ ਨਿਗਮ ਚੋਣਾਂ ਦੇ ਐਗਜ਼ਿਟ ਪੋਲ ਤੇ 7 ਦਸੰਬਰ ਨੂੰ ਨਿਕਲੇ ਨਤੀਜਿਆਂ ਵਿਚਲੇ ਫਰਕ ਨੇ ਇਸ ਧਾਰਨਾ ਨੂੰ ਹੋਰ ਪੱਕਾ ਕੀਤਾ ਹੈ | ਹਾਲਾਂਕਿ ਆਮ ਆਦਮੀ ਪਾਰਟੀ ਨੇ 250 ਵਿੱਚੋਂ 134 ਸੀਟਾਂ ਜਿੱਤ ਕੇ 15 ਸਾਲ ਤੋਂ ਸੱਤਾਧਾਰੀ ਭਾਜਪਾ ਨੂੰ ਲਾਂਭੇ ਕਰ ਦਿੱਤਾ ਹੈ, ਪਰ ਸਧਾਰਨ ਬਹੁਮਤ ਤੋਂ ਉਸ ਨੂੰ 9 ਸੀਟਾਂ ਹੀ ਵੱਧ ਮਿਲੀਆਂ ਹਨ | ਭਾਜਪਾ ਦੇ ਹਿੱਸੇ 104 ਸੀਟਾਂ ਆਈਆਂ ਹਨ | ਕਰੀਬ-ਕਰੀਬ ਸਾਰੇ ਐਗਜ਼ਿਟ ਪੋਲਾਂ ਵਿਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਤੇ ਭਾਜਪਾ ਦੀ ਕਰਾਰੀ ਹਾਰ ਦੀ ਗੱਲ ਕਹੀ ਗਈ ਸੀ | ਇਕ ਐਗਜ਼ਿਟ ਪੋਲ ਵਿਚ ਤਾਂ ਆਮ ਆਦਮੀ ਪਾਰਟੀ ਨੂੰ 175 ਤੱਕ ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਸੀ | ਭਾਜਪਾ ਨੂੰ 70 ਦੇ ਆਸਪਾਸ ਸੀਟਾਂ ਮਿਲਣ ਦੀ ਗੱਲ ਕਹੀ ਗਈ ਸੀ | ਅਸਲ ਨਤੀਜਿਆਂ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਐਗਜ਼ਿਟ ਪੋਲ ਗਲਤ ਸਾਬਤ ਹੋਏ ਹਨ—ਨਾ ਆਮ ਆਦਮੀ ਪਾਰਟੀ ਪੌਣੇ ਦੋ ਸੌ ਸੀਟਾਂ ਦੇ ਲਾਗੇ ਪੁੱਜੀ ਤੇ ਨਾ ਹੀ ਭਾਜਪਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ |
ਅੱਜ ਗੁਜਰਾਤ ਤੇ ਹਿਮਾਚਲ ਅਸੰਬਲੀਆਂ ਦੇ ਨਤੀਜੇ ਆਉਣੇ ਹਨ | ਬਹੁਤੇ ਐਗਜ਼ਿਟ ਪੋਲਾਂ ਨੇ ਗੁਜਰਾਤ ਵਿਚ ਮੁੜ ਭਾਜਪਾ ਦੀ ਸਰਕਾਰ ਆਸਾਨੀ ਨਾਲ ਬਣਾ ਦਿੱਤੀ ਹੈ | ਟੀ ਵੀ 9 ਭਾਰਤ ਵਰਸ਼ ਦੇ ਐਗਜ਼ਿਟ ਪੋਲ ਵਿਚ ਭਾਜਪਾ ਨੂੰ 182 ਵਿੱਚੋਂ 125-130 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ | ਉਸ ਮੁਤਾਬਕ ਭਾਜਪਾ ਨੂੰ 47 ਫੀਸਦੀ ਵੋਟਾਂ ਮਿਲ ਸਕਦੀਆਂ ਹਨ | ਕਾਂਗਰਸ ਨੂੰ 40-50 ਸੀਟਾਂ ਤੇ 35 ਫੀਸਦੀ ਵੋਟਾਂ ਅਤੇ ਆਮ ਆਦਮੀ ਪਾਰਟੀ ਨੂੰ 3-5 ਸੀਟਾਂ ਤੇ 13 ਫੀਸਦੀ ਵੋਟਾਂ ਦੀ ਗੱਲ ਕਹੀ ਹੈ | ਨਿਊਜ਼ ਐੱਕਸ ਚੈਨਲ ਭਾਜਪਾ ਨੂੰ 117-140, ਰਿਪਬਲਿਕ ਚੈਨਲ 128-148 ਸੀਟਾਂ ਦੇ ਰਿਹਾ ਹੈ, ਜਦਕਿ ਇੰਡੀਆ ਟੂਡੇ-ਐਕਸਿਸ ਮਾਇ ਇੰਡੀਆ 131-151 ਦਾ ਪ੍ਰਚੰਡ ਬਹੁਮਤ ਦੇ ਰਿਹਾ ਹੈ | ਇੰਡੀਆ ਟੂਡੇ ਐਕਸਿਸ-ਮਾਇ ਇੰਡੀਆ ਹਿਮਾਚਲ ਵਿਚ 30-40 ਸੀਟਾਂ ਨਾਲ ਕਾਂਗਰਸ ਦੀ ਸਰਕਾਰ ਬਣਾ ਰਿਹਾ ਹੈ, ਜਦਕਿ 24-34 ਸੀਟਾਂ ਦੇ ਕੇ ਭਾਜਪਾ ਨੂੰ ਸੱਤਾ ਤੋਂ ਲਾਹ ਰਿਹਾ ਹੈ | 68 ਮੈਂਬਰੀ ਅਸੰਬਲੀ ਵਿਚ ਬਹੁਮਤ ਲਈ 35 ਸੀਟਾਂ ਦਰਕਾਰ ਹਨ | ਰਿਪਬਲਿਕ ਚੈਨਲ ਭਾਜਪਾ ਨੂੰ 34-39 ਸੀਟਾਂ ਤੇ ਕਾਂਗਰਸ ਨੂੰ 28-33 ਸੀਟਾਂ ਦੇ ਰਿਹਾ ਹੈ | ਹੈਰਾਨੀ ਨਹੀਂ ਹੋਵੇਗੀ ਕਿ ਜੇ ਅਸੰਬਲੀ ਚੋਣਾਂ ਦੇ ਨਤੀਜੇ ਵੀ ਐਗਜ਼ਿਟ ਪੋਲ ਕਰਨ ਵਾਲਿਆਂ ਨੂੰ ਫੇਲ੍ਹ ਕਰ ਦੇਣ |

LEAVE A REPLY

Please enter your comment!
Please enter your name here