ਦਿੱਲੀ ‘ਚ ਭਾਜਪਾ ਦੀ ਹਾਰ, ਗੁਜਰਾਤ ਤੇ ਹਿਮਾਚਲ ਦਾ ਅੱਜ ਪਤਾ ਚੱਲੇਗਾ

0
246

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਵਿੱਚੋਂ 134 ਵਾਰਡ ਜਿੱਤ ਕੇ ਬੁੱਧਵਾਰ 15 ਸਾਲ ਤੋਂ ਸੱਤਾਧਾਰੀ ਭਾਜਪਾ ਨੂੰ ਲਾਂਭੇ ਕਰ ਦਿੱਤਾ | ਭਾਜਪਾ ਨੇ 104, ਕਾਂਗਰਸ ਨੇ 9 ਤੇ ਹੋਰਨਾਂ ਨੇ 3 ਵਾਰਡ ਜਿੱਤੇ |
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਜਿੱਤ ਲਈ ਵਧਾਈ ਦਿੱਤੀ ਤੇ ਧੰਨਵਾਦ ਕੀਤਾ | ਉਨ੍ਹਾ ਕਿਹਾ ਕਿ ਦਿੱਲੀ ਦੀ ਹਾਲਤ ਸੁਧਾਰਨ ਲਈ ਭਾਜਪਾ ਤੇ ਕਾਂਗਰਸ ਦਾ ਸਹਿਯੋਗ ਅਤੇ ਕੇਂਦਰ ਤੇ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਚਾਹੀਦਾ ਹੈ | ਉਨ੍ਹਾ ਕਿਹਾ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਤੇ ਦਿੱਲੀ ਨੂੰ ਬਿਹਤਰ ਬਣਾਉਣ ਲਈ ਹੋਰ ਪਾਰਟੀਆਂ ਨੂੰ ਨਾਲ ਚੱਲਣ ਦੀ ਅਪੀਲ ਕਰਨਗੇ | ਮੁੱਖ ਮੰਤਰੀ ਨੇ ਜਿੱਤ ਦਰਜ ਕਰਨ ਵਾਲੇ ਆਪ ਦੇ ਨਾਲ-ਨਾਲ ਭਾਜਪਾ, ਕਾਂਗਰਸ ਤੇ ਆਜ਼ਾਦ ਉਮੀਦਵਾਰਾਂ ਨੂੰ ਵੀ ਵਧਾਈ ਦਿੱਤੀ |
ਉਧਰ, ਗੁਜਰਾਤ ਤੇ ਹਿਮਾਚਲ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਹੋਵੇਗੀ | ਭਾਜਪਾ ਸ਼ਾਸਤ ਗੁਜਰਾਤ ਦੇ 33 ਜ਼ਿਲਿ੍ਹਆਂ ਦੀਆਂ 182 ਸੀਟਾਂ ਲਈ ਦੋ ਪੜਾਵਾਂ ‘ਚ 1 ਦਸੰਬਰ ਅਤੇ 5 ਦਸੰਬਰ ਨੂੰ ਚੋਣਾਂ ਹੋਈਆਂ | ਗੁਜਰਾਤ ਵਿਚ ਰਵਾਇਤੀ ਤੌਰ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਰਿਹਾ ਹੈ | ਹਾਲਾਂਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਮੈਦਾਨ ‘ਚ ਆਉਣ ਕਾਰਨ ਤਿਕੋਣਾ ਮੁਕਾਬਲਾ ਨਜ਼ਰ ਆ ਰਿਹਾ ਹੈ | ਗੁਜਰਾਤ ਦੇ ਨਾਲ-ਨਾਲ ਹਰ ਕਿਸੇ ਦੀਆਂ ਨਜ਼ਰਾਂ ਹਿਮਾਚਲ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ 12 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਵਿਕਾਸ ਏਜੰਡੇ ਦੇ ਆਧਾਰ ‘ਤੇ ਆਪਣੀ ਚੋਣ ਸਫਲਤਾ ਨੂੰ ਦੁਹਰਾਉਣ ਦੀ ਉਮੀਦ ਕਰ ਰਹੀ ਹੈ, ਉਥੇ ਮੁੱਖ ਵਿਰੋਧੀ ਕਾਂਗਰਸ ਪਾਰਟੀ ਪਿਛਲੀ ਸਰਕਾਰ ਨੂੰ ਬੇਦਖਲ ਕਰਨ ਦੀ ਚਾਰ ਦਹਾਕੇ ਪੁਰਾਣੀ ਰਵਾਇਤ ‘ਤੇ ਆਸ ਰੱਖ ਰਹੀ ਹੈ | ਪਹਾੜੀ ਰਾਜ ‘ਚ 68 ਹਲਕਿਆਂ ‘ਚ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ |

LEAVE A REPLY

Please enter your comment!
Please enter your name here