ਸਵੈ-ਇੱਛੁਕ ਤੇ ਸਾਂਝੀ ਖੇਤੀ ਤੋਂ ਬਿਨਾਂ ਕੋਈ ਰਾਹ ਨਹੀਂ : ਜਗਰੂਪ

0
273

ਜਲਾਲਾਬਾਦ (ਪਰਮਜੀਤ ਢਾਬਾਂ,
ਸਤਨਾਮ ਸਿੰਘ, ਜੀਤ ਕੁਮਾਰ)
ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਐਤਵਾਰ ਸੁਤੰਤਰ ਭਵਨ ਦਫਤਰ ‘ਚ ਖੇਤੀ ਨੂੰ ਲੈ ਕੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਸੈਮੀਨਾਰ ਦੀ ਪ੍ਰਧਾਨਗੀ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹੇ ਦੇ ਆਗੂ ਕਿ੍ਸ਼ਨ ਧਰਮੂਵਾਲਾ, ਬਲਵੰਤ ਚੋਹਾਣਾ ਅਤੇ ਸੰਦੀਪ ਜੋਧਾ ਨੇ ਕੀਤੀ | ਸੈਮੀਨਾਰ ਦਾ ਉਦਘਾਟਨ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੁਰਿੰਦਰ ਢੰਡੀਆਂ ਅਤੇ ਸੀ ਪੀ ਆਈ ਦੇ ਜ਼ਿਲਾ ਸਕੱਤਰ ਹੰਸ ਰਾਜ ਗੋਲਡਨ ਨੇ ਕੀਤਾ | ਇਸ ਮੌਕੇ ਆਪਣੇ ਸੰਬੋਧਨ ‘ਚ ਢੰਡੀਆਂ ਅਤੇ ਗੋਲਡਨ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਨੂੰ ਅੰਨ ਪਹੁੰਚਾਉਣ ਜਾਂ ਫਿਰ ਜਿਉਂਦਾ ਰੱਖਣ ਲਈ ਕਿਸਾਨੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ | ਇਸ ਨਾਲ ਹਰ ਵਰਗ ਜੁੜਿਆ ਹੋਇਆ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ | ਮੁੱਖ ਵਕਤਾ ਦੇ ਤੌਰ ‘ਤੇ ਪਹੁੰਚੇ ਜਗਰੂਪ ਸਿੰਘ ਨੇ ਕਿਹਾ ਕਿ ਖੇਤੀ ਸੈਕਟਰ ਕਿਸੇ ਵੀ ਦੇਸ਼ ਦਾ ਅਹਿਮ ਸੈਕਟਰ ਹੁੰਦਾ ਹੈ, ਜਿਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ | ਸਾਥੀ ਜਗਰੂਪ ਨੇ ਕਿਹਾ ਕਿ ਖੇਤੀ ਸੈਕਟਰ ਨੂੰ ਹੜੱਪਣ ਲਈ ਕਾਰਪੋਰੇਟ ਘਰਾਣਿਆਂ ਦੀ ਸਿੱਧੀ ਨਜ਼ਰ ਹੈ ਅਤੇ ਉਹ ਜਾਣਬੁੱਝ ਕੇ ਕਿਸੇ ਨਾ ਕਿਸੇ ਰੂਪ ਵਿਚ ਖੇਤੀ ਸੈਕਟਰ ਨੂੰ ਮਾੜਾ ਸੈਕਟਰ ਦਿਖਾਉਣਾ ਚਾਹੁੰਦੇ ਹਨ ਅਤੇ ਇਸ ਨੀਅਤ ਨਾਲ ਖੇਤੀ ਸੈਕਟਰ ਨੂੰ ਹੱਥ ਪਾਉਣਾ ਚਾਹੁੰਦੇ ਹਨ ਤੇ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾ ਕਿਹਾ ਕਿ ਮੌਜੂਦਾ ਦੌਰ ‘ਚ ਸਵੈ-ਇੱਛੁਕ ਅਤੇ ਸਾਂਝੀ ਖੇਤੀ ਕੀਤੇ ਬਗੈਰ ਹੋਰ ਕੋਈ ਰਾਹ ਦਿਖਾਈ ਨਹੀਂ ਦਿੱਸਦਾ, ਜਿਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ | ਕਿਸਾਨਾਂ ਦੇ ਕਰਜ਼ੇ ਨੂੰ ਮੁਕੰਮਲ ਤੌਰ ‘ਤੇ ਖਤਮ ਕਰਨ ਦੀ ਲਕੀਰ ਫੇਰਨੀ ਚਾਹੀਦੀ ਹੈ | ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਲੰਮੇ ਸਮੇਂ ਤੋਂ ਅਗਵਾਈ ਕਰ ਰਹੇ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਜਵਾਨੀ ਰੁਜ਼ਗਾਰ ਦੀ ਅਣਹੋਂਦ ਕਰਕੇ ਵਿਦੇਸ਼ਾਂ ਵੱਲ ਮਜਬੂਰੀਵੱਸ ਜਾ ਰਹੀ ਹੈ |
ਸਰਕਾਰਾਂ ਨੂੰ ਲੱਖਾਂ ਦੀ ਗਿਣਤੀ ਵਿਚ ਬੇਰੁਜ਼ਗਾਰ ਫਿਰ ਰਹੇ ਨੌਜਵਾਨਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਨਾ ਚਾਹੀਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਜ਼ਿਲ੍ਹਾ ਸਕੱਤਰ ਸ਼ੁਬੇਗ ਝੰਗੜਭੈਣੀ, ਕੇਵਲ ਛਾਂਗਾਰਾਏ, ਏ ਆਈ ਐੱਸ ਐੱਫ ਦੇ ਆਗੂ ਭੁਪਿੰਦਰ ਲਮੋਚੜ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਸੁਖਚੈਨ ਸਿੰਘ, ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਲਜੀਤ ਸਿੰਘ ਢਾਬਾਂ, ਭਗਵਾਨ ਬਹਾਦਰਕੇ, ਛਿੰਦਰ ਮਹਾਲਮ, ਡਾਕਟਰ ਸਰਬਜੀਤ ਬਣਵਾਲਾ, ਕੁਲਦੀਪ ਬਖੂਸ਼ਾਹ, ਬਲਵੀਰ ਕਾਠਗੜ੍ਹ ਤੇ ਕਰਨੈਲ ਸਿੰਘ ਵੀ ਹਾਜ਼ਰ ਸਨ |

LEAVE A REPLY

Please enter your comment!
Please enter your name here